ਆਕਲੈਂਡ,2 ਦਸੰਬਰ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਆਕਲੈਂਡ ਸਥਿਤ ਪ੍ਰਸਿੱਧ ਰੇਡੀਓ ਵਿਰਸਾ ਦੇ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਤਿੰਨ ਖਾਲਿਸਤਾਨੀ ਕੱਟੜਪੰਥੀਆਂ ਨੂੰ ਸਜ਼ਾ ਸੁਣਾਈ ਗਈ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ 27 ਸਾਲਾ ਸਰਵਜੀਤ ਸਿੱਧੂ, 44 ਸਾਲਾ ਸੁਖਪ੍ਰੀਤ ਸਿੰਘ ਅਤੇ 48 ਸਾਲਾ ਆਕਲੈਂਡ ਵਾਸੀ ਅਣਪਛਾਤੇ ਵਿਅਕਤੀ ਨੂੰ ਹਰਨੇਕ ਸਿੰਘ ਦੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤਾ ਗਿਆ। ਇਹ ਤਿੰਨੇ ਹਰਨੇਕ ਸਿੰਘ ਨੂੰ ਮਾਰਨਾ ਚਾਹੁੰਦੇ ਸਨ ਕਿਉਂਕਿ ਉਹ ਖਾਲਿਸਤਾਨੀ ਵਿਚਾਰਧਾਰਾ ਵਿਰੁੱਧ ਆਵਾਜ਼ ਉਠਾਉਣ ਕਾਰਨ ਉਸ ਤੋਂ ਨਾਰਾਜ਼ ਸਨ। ਨਿਊਜ਼ੀਲੈਂਡ ਦੇ ਤਿੰਨ ਖਾਲਿਸਤਾਨੀਆਂ ਨੇ ਹਰਨੇਕ ਸਿੰਘ ‘ਤੇ ਜਾਨਲੇਵਾ ਹਮਲੇ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਇਹ ਹਮਲਾ 23 ਦਸੰਬਰ 2020 ਨੂੰ ਕੀਤਾ ਸੀ। ਇਸ ਦੌਰਾਨ ਹਰਨੇਕ ਸਿੰਘ ‘ਤੇ 40 ਤੋਂ ਵੱਧ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਉਹ ਕਿਸੇ ਤਰ੍ਹਾਂ ਬਚ ਗਿਆ ਪਰ ਉਸ ਨੂੰ 350 ਤੋਂ ਵੱਧ ਟਾਂਕੇ ਲੱਗੇ ਤੇ ਅਪਰੇਸ਼ਨ ਹੋਏ। ਹਮਲੇ ਦੇ ਮਾਸਟਰਮਾਈਂਡ 48 ਸਾਲਾ ਸੁਖਪ੍ਰੀਤ ਸਿੰਘ ਨੂੰ ਸਾਢੇ 13 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ ਪੈਰੋਲ ਦੀ ਯੋਗਤਾ ਤੋਂ ਪਹਿਲਾਂ ਘੱਟੋ-ਘੱਟ 9 ਸਾਲ ਦੀ ਸਜ਼ਾ ਵੀ ਸ਼ਾਮਲ ਹੈ। ਸਰਵਜੀਤ ਸਿੱਧੂ ਨੂੰ ਸਾਢੇ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਸੁਖਪ੍ਰੀਤ ਸਿੰਘ ਨੂੰ ਛੇ ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ।