#NEW ZEALAND

New Zealand ‘ਚ ਪੰਜਾਬੀ ਨੌਜਵਾਨ ਦਾ ਕਤਲ

ਆਕਲੈਂਡ/ਗੁਰਦਾਸਪੁਰ, 19 ਦਸੰਬਰ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਆਕਲੈਂਡ ‘ਚ ਪੰਜਾਬੀ ਨੌਜਵਾਨ ਦਾ ਭੇਦਭਰੀ ਹਾਲਤ ‘ਚ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਉਕਤ ਨੌਜਵਾਨ ਰਮਨਦੀਪ ਸਿੰਘ ਦੀ ਉਮਰ ਮਹਿਜ 25 ਸਾਲ ਦੱਸੀ ਜਾ ਰਹੀ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਜਿਥੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਾ ਹੈ, ਨਾਲ ਹੀ ਉਕਤ ਨੌਜਵਾਨ ਦੇ ਪਿੰਡ ਕੋਟਲੀ ਸ਼ਾਹਪੁਰ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਦੇ ਤਾਏ ਦੇ ਮੁੰਡੇ ਅਤੇ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ‘ਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉਥੇ ਇਕ ਕੰਪਨੀ ਵਿਚ ਸਕਿਓਰਿਟੀ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਹੀ ਉਸ ਦੇ ਇਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਰਮਨਦੀਪ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋਈ ਹੈ ਅਤੇ ਪਤਾ ਲੱਗਾ ਹੈ ਕਿ ਕਿਸੇ ਨੇ ਉਸ ਦਾ ਕਤਲ ਕੀਤਾ ਹੈ।