-ਪੁਲਿਸ ਨੇ ਜਨਤਾ ਤੋਂ ਮੰਗਿਆ ਸਹਿਯੋਗ
ਨਿਊਯਾਰਕ, 11 ਮਾਰਚ (ਪੰਜਾਬ ਮੇਲ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਊਯਾਰਕ ਸ਼ਹਿਰ ਤੋਂ 25 ਸਾਲਾ ਭਾਰਤੀ ਔਰਤ ਲਾਪਤਾ ਹੋਣ ਦੀ ਖ਼ਬਰ ਹੈ। ਪੁਲਿਸ ਉਸ ਨੂੰ ਲੱਭਣ ਲਈ ਲੋਕਾਂ ਤੋਂ ਜਾਣਕਾਰੀ ਮੰਗ ਰਹੀ ਹੈ। ਏਜੰਸੀ ਮੁਤਾਬਕ ਲਾਪਤਾ ਔਰਤ ਦਾ ਨਾਂ ਫੇਰੀਨ ਖੋਜਾ ਹੈ, ਜਿਸ ਨੂੰ ਆਖਰੀ ਵਾਰ 1 ਮਾਰਚ ਨੂੰ ਰਾਤ ਕਰੀਬ 11 ਵਜੇ ਕਵੀਂਸ ਸਥਿਤ ਆਪਣੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ।
ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਉਸਨੂੰ ਆਖਰੀ ਵਾਰ ਓਲੀਵ ਹਰੇ ਰੰਗ ਦੀ ਜੈਕੇਟ, ਹਰਾ ਸਵੈਟਰ ਅਤੇ ਨੀਲੀ ਜੀਨਸ ਪਹਿਨੇ ਦੇਖਿਆ ਗਿਆ ਸੀ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਲਾਪਤਾ ਔਰਤ ਬਾਈਪੋਲਰ ਡਿਸਆਰਡਰ ਤੋਂ ਪੀੜਤ ਹੈ। ਪੁਲਿਸ ਵਿਭਾਗ ਨੇ ਫੇਰੀਨ ਖੋਜਾ ਦੀ ਫੋਟੋ ਵੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ 112 ਪ੍ਰੀਸਿੰਕਟ ਡਿਟੈਕਟਿਵ ਸਕੁਐਡ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਦੂਤਘਰ ਫੇਰੀਨ ਖੋਜਾ ਅਤੇ ਉਸਦੇ ਟਿਕਾਣੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਭਾਰਤੀ ਔਰਤ ਦੇ ਲਾਪਤਾ ਹੋਣ ਤੋਂ ਪਹਿਲਾਂ ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਦੇ ਜੌਨ ਮਾਰਟਿਨਸਨ ਆਨਰਜ਼ ਕਾਲਜ ਵਿਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਨੀਲ ਆਚਾਰੀਆ ਦੇ 28 ਜਨਵਰੀ ਨੂੰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਉਸ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਅਧਿਕਾਰੀਆਂ ਦੁਆਰਾ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।