ਫਰਿਜ਼ਨੋ, 3 ਜਨਵਰੀ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਹਰ ਸਾਲ ਦੀ ਤਰ੍ਹਾਂ ਇਸ ਨਵੇਂ ਸਾਲ 2024 ਦੀ ਆਮਦ ‘ਤੇ ਗੁਰਦੁਆਰਾ ”ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ” ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ। ਜਿਨ੍ਹਾਂ ਵਿਚ ਪਾਠਾਂ ਦੇ ਭੋਗ ਉਪਰੰਤ ਸਜਾਏ ਗਏ ਗੁਰਮਤਿ ਸਮਾਗਮ ਵਿਚ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਇਤਿਹਾਸਕ ਕਥਾ ਰਾਹੀ ਸੰਗਤਾਂ ਗੁਰਮਤਿ ਨਾਲ ਜੋੜਦੇ ਹੋਏ ਨਿਹਾਲ ਕੀਤਾ। ਜਦਕਿ ਗੁਰੂਘਰ ਦੇ ਹਜ਼ੂਰੀ ਕੀਰਤਨੀਏ ਭਾਈ ਜੋਗਿੰਦਰ ਸਿੰਘ ਯੋਗੀ ਦੇ ਕੀਰਤਨੀ ਜੱਥੇ ਅਤੇ ਹੋਰ ਕੀਰਤਨੀ ਜੱਥਿਆਂ ਵੱਲੋਂ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਸਮੇਂ ਸਥਾਨਕ ਗਾਇਕ ਕਲਾਕਾਰਾਂ ਵਿਚੋਂ ਗਾਇਕਾਂ ਬੀਬੀ ਦਿਲਪ੍ਰੀਤ ਕੌਰ ਅਤੇ ਗਾਇਕ ਪੱਪੀ ਭਦੌੜ ਨੇ ਧਾਰਮਿਕ ਗੀਤਾਂ ਰਾਹੀ ਹਾਜ਼ਰੀ ਭਰੀ। ਸੰਗਤਾਂ ਨੇ ਰਲ ਕੇ ਗੁਰਬਾਣੀ ਸਿਮਰਨ ਜਾਪ ਵੀ ਕੀਤਾ। ਨਵੇਂ ਸਾਲ ਦੀ ਆਮਦ ‘ਤੇ ਹਮੇਸ਼ਾ ਵਾਂਗ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਸਾਹਿਬ ਦੇ ਲੜ ਲਗਣ ਲਈ ਪ੍ਰੇਰਿਆ ਗਿਆ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਨਵੇਂ ਵਰ੍ਹੇ ਦਾ ਪਹਿਲਾ ਸਮਾਗਮ ਸਰਬੱਤ ਦੇ ਭਲੇ ਅਤੇ ਸਮੁੱਚੀ ਦੁਨੀਆਂ ਲਈ ਸ਼ਾਂਤੀ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆਂ।