#Featured

New Year ‘ਤੇ ਭੂਚਾਲ ਨਾਲ ਕੰਬੀ Japan ਦੀ ਧਰਤੀ; 1 ਦਿਨ ‘ਚ 155 ਝਟਕੇ ਲੱਗੇ

-ਸ਼ਕਤੀਸ਼ਾਲੀ ਭੂਚਾਲ ਨਾਲ 55 ਲੋਕਾਂ ਦੀ ਮੌਤ
ਟੋਕੀਓ, 3 ਜਨਵਰੀ (ਪੰਜਾਬ ਮੇਲ)- ਜਾਪਾਨ ‘ਚ ਨਵੇਂ ਸਾਲ ਦੇ ਦਿਨ ਆਏ ਸ਼ਕਤੀਸ਼ਾਲੀ ਭੂਚਾਲ ‘ਚ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੇ ਭੂਚਾਲ ਕਾਰਨ ਢਹਿ ਗਈਆਂ ਇਮਾਰਤਾਂ ਦੇ ਮਲਬੇ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਵੇਂ ਸਾਲ ਦੇ ਦਿਨ ਜਾਪਾਨ ‘ਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ‘ਚ ਕਈ ਇਮਾਰਤਾਂ ਜ਼ਮੀਨ ‘ਚ ਧਸ ਗਈਆਂ। ਭੂਚਾਲ ਕਾਰਨ ਸੜਕਾਂ ‘ਤੇ ਵੱਡੇ-ਵੱਡੇ ਪਾੜ ਪੈ ਗਏ।
ਉੱਥੇ ਹੀ ਭੂਚਾਲ ਕਾਰਨ ਹਜ਼ਾਰਾਂ ਘਰਾਂ ‘ਚ ਬਿਜਲੀ ਗੁੱਲ ਹੋ ਗਈ ਤੇ ਕਈ ਤੱਟਵਰਤੀ ਇਲਾਕਿਆਂ ਦੇ ਨਿਵਾਸੀਆਂ ਨੂੰ ਉੱਚੀਆਂ ਥਾਵਾਂ ‘ਤੇ ਭੱਜਣ ਲਈ ਮਜਬੂਰ ਹੋਣਾ ਪਿਆ। ਭੂਚਾਲ ਕਾਰਨ ਜਾਪਾਨ ਦੇ ਪੱਛਮੀ ਤੱਟ ਦੇ ਨਾਲ-ਨਾਲ ਗੁਆਂਢੀ ਦੇਸ਼ ਦੱਖਣੀ ਕੋਰੀਆ ਵਿਚ ਇੱਕ ਮੀਟਰ ਉੱਚੀਆਂ ਲਹਿਰਾਂ ਉੱਠੀਆਂ।
ਭੂਚਾਲ ਕਾਰਨ ਰਨਵੇਅ ਵਿਚ ਤਰੇੜਾਂ ਆਉਣ ਤੋਂ ਬਾਅਦ ਇਕ ਸਥਾਨਕ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਭੂਚਾਲ ਕਾਰਨ ਵੱਖ-ਵੱਖ ਥਾਵਾਂ ‘ਤੇ ਕਰੀਬ 55 ਲੋਕਾਂ ਦੀ ਮੌਤ ਹੋ ਗਈ।
ਇਸ਼ੀਕਾਵਾ ਤੱਟ ਅਤੇ ਨੇੜਲੇ ਸੂਬਿਆਂ ‘ਚ ਸ਼ਾਮ 4 ਵਜੇ ਤੋਂ ਬਾਅਦ 4 ਦੀ ਤੀਬਰਤਾ ਵਾਲੇ 30 ਭੂਚਾਲ ਆਏ। ਇਨ੍ਹਾਂ ਵਿਚੋਂ ਇਕ ਦੀ ਤੀਬਰਤਾ 7.6 ਸੀ। ਭੂਚਾਲ ਤੋਂ ਬਾਅਦ ਇਕ ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਉੱਠ ਰਹੀਆਂ ਹਨ। ਪ੍ਰਭਾਵਿਤ ਇਲਾਕੇ ਦੇ ਲੋਕ ਦਹਿਸ਼ਤ ਵਿਚ ਹਨ।
ਸੁਨਾਮੀ ਕਾਰਨ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀਆਂ ਥਾਵਾਂ ਜਾਂ ਇਮਾਰਤਾਂ ਵਿਚ ਪਨਾਹ ਲੈਣ ਦੀ ਚੇਤਾਵਨੀ ਜਾਰੀ ਕੀਤੀ ਗਈ। ਜਾਣਕਾਰੀ ਮੁਤਾਬਿਕ 1 ਦਿਨ ‘ਚ 155 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ‘ਚ 7.6 ਤੀਬਰਤਾ ਦਾ ਭੂਚਾਲ ਸਭ ਤੋਂ ਖਤਰਨਾਕ ਸਾਬਤ ਹੋਇਆ। ਸਮਾਚਾਰ ਏਜੰਸੀ ਰਾਇਟਰਸ ਮੁਤਾਬਿਕ ਭੂਚਾਲ ਕਾਰਨ ਲਗਭਗ 33,000 ਘਰ ਬਿਜਲੀ ਤੋਂ ਬਿਨਾਂ ਹਨ ਅਤੇ ਦੇਸ਼ ਭਰ ਦੇ ਕਈ ਮਹੱਤਵਪੂਰਨ ਰਸਤੇ ਬੰਦ ਹਨ, ਜਿਨ੍ਹਾਂ ‘ਚ ਪ੍ਰਮੁੱਖ ਹਾਈਵੇਅ ਵੀ ਸ਼ਾਮਲ ਹਨ। ਹੋਨਸ਼ੂ ਟਾਪੂ ਦੇ ਪੱਛਮੀ ਤੱਟ ‘ਤੇ ਨੌ ਪ੍ਰੀਫੈਕਚਰ ‘ਚ ਰਹਿ ਰਹੇ 97 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।