#AMERICA

Nevada ‘ਚ ਕੁੱਟਮਾਰ ਦੇ ਦੋਸ਼ੀ ਵੱਲੋਂ Court ‘ਚ ਜੱਜ ‘ਤੇ ਹਮਲਾ

ਲਾਸ ਵੇਗਾਸ, 5 ਜਨਵਰੀ (ਪੰਜਾਬ ਮੇਲ)- ਕੁੱਟਮਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਮੁਲਜ਼ਮ ਨੇ ਨੇਵਾਡਾ ਦੀ ਜੱਜ ‘ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਉਸ ਨੂੰ ਸਜ਼ਾ ਸੁਣਾਉਣ ਵਾਲੀ ਸੀ। ਅਦਾਲਤ ਦੇ ਕਮਰੇ ‘ਚ ਹੋਈ ਹਿੰਸਾ ਦੀ ਇਸ ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਸ਼ਰ ਹੋ ਰਿਹਾ ਹੈ। ਮੁਲਜ਼ਮ ਡਿਓਬਰਾ ਡਿਲੋਨ ਰੈਡੇਨ (30) ਨੇ ਕਲਾਰਕ ਕਾਊਂਟੀ ਜ਼ਿਲ੍ਹਾ ਜੱਜ ਮੈਰੀ ਕੇਯ ਹੋਲਥਸ ‘ਤੇ ਹਮਲਾ ਕੀਤਾ, ਜੋ ਆਪਣੀ ਕੁਰਸੀ ਤੋਂ ਡਿੱਗ ਪਈ ਅਤੇ ਉਸ ਦਾ ਸਿਰ ਪਿੱਛੇ ਕੰਧ ਨਾਲ ਜਾ ਟਕਰਾਇਆ। ਉਸ ਨੂੰ ਕੁਝ ਸੱਟਾਂ ਲੱਗੀਆਂ ਹਨ। ਜੱਜ ਨੂੰ ਬਚਾਉਣ ਆਏ ਮਾਰਸ਼ਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਹੈ। ਮੁਲਜ਼ਮ ਨੂੰ ਹਮਲੇ ਦੇ ਤੁਰੰਤ ਮਗਰੋਂ ਅਦਾਲਤ ਅਤੇ ਜੇਲ੍ਹ ਅਫ਼ਸਰਾਂ ਵੱਲੋਂ ਜ਼ਮੀਨ ‘ਤੇ ਢਾਹ ਲਿਆ ਗਿਆ ਅਤੇ ਉਨ੍ਹਾਂ ‘ਚੋਂ ਕੁਝ ਉਸ ਨੂੰ ਮੁੱਕੇ ਮਾਰਦੇ ਦਿਖਾਈ ਦੇ ਰਹੇ ਹਨ। ਉਸ ਨੂੰ ਗ੍ਰਿਫ਼ਤਾਰ ਕਰਕੇ ਕਲਾਰਕ ਕਾਊਂਟੀ ਡਿਟੈਨਸ਼ਨ ਸੈਂਟਰ ‘ਚ ਬੰਦ ਕਰ ਦਿੱਤਾ ਗਿਆ ਹੈ। ਉਸ ‘ਤੇ ਜੱਜ ਤੇ ਅਦਾਲਤ ਦੇ ਅਧਿਕਾਰੀਆਂ ‘ਤੇ ਹਮਲੇ ਕਰਨ ਦੇ ਨਵੇਂ ਦੋਸ਼ ਲੱਗੇ ਹਨ। ਰੈਡੇਨ ਨੇ ਪਿਛਲੇ ਸਾਲ ਇਕ ਵਿਅਕਤੀ ‘ਤੇ ਬੇਸਬਾਲ ਦੇ ਬੱਲੇ ਨਾਲ ਹਮਲਾ ਕੀਤਾ ਸੀ ਅਤੇ ਉਹ ਕੇਸ ਦਾ ਸਾਹਮਣਾ ਕਰ ਰਿਹਾ ਸੀ। ਕੇਸ ਦੀ ਸੁਣਵਾਈ ਦੌਰਾਨ ਉਸ ਨੇ ਜੱਜ ਨੂੰ ਅਪੀਲ ਕੀਤੀ ਸੀ ਕਿ ਉਸ ਨਾਲ ਨਰਮੀ ਵਰਤੀ ਜਾਵੇ ਪਰ ਜਦੋਂ ਜੱਜ ਨੇ ਉਸ ਨੂੰ ਜੇਲ੍ਹ ਭੇਜਣ ਦਾ ਇਰਾਦਾ ਜ਼ਾਹਿਰ ਕੀਤਾ ਅਤੇ ਮਾਰਸ਼ਲ ਉਸ ਨੂੰ ਹੱਥਕੜੀਆਂ ਲਗਾਉਣ ਲਈ ਅੱਗੇ ਵਧਿਆ, ਤਾਂ ਰੈਡੇਨ ਗਾਲ੍ਹਾਂ ਕੱਢਦਾ ਹੋਇਆ ਜੱਜ ਨੂੰ ਮਾਰਨ ਲਈ ਦੌੜ ਪਿਆ।