#OTHERS

Nawaz Sharif ਨੂੰ ਹਾਈ ਕੋਰਟ ਨੇ ਦੋ ਕੇਸਾਂ ਵਿਚ ਕੀਤਾ ਬਰੀ

ਇਸਲਾਮਾਬਾਦ, 30 ਨਵੰਬਰ (ਪੰਜਾਬ ਮੇਲ)- ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿਚ ਬਰੀ ਕਰ ਦਿੱਤਾ ਹੈ। ਐਵਨਫੀਲਡ ਸੰਪਤੀ ਤੇ ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਕੇਸਾਂ ਵਿਚ ਸ਼ਰੀਫ਼ ਨੂੰ 2018 ‘ਚ ਦੋਸ਼ੀ ਠਹਿਰਾਇਆ ਗਿਆ ਸੀ। ਨਵਾਜ਼ ਨੇ ਸਜ਼ਾ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਦੇ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜੁਲਾਈ 2018 ਵਿਚ ਐਵਨਫੀਲਡ ਕੇਸ ਵਿਚ 10 ਸਾਲਾਂ ਦੀ ਸਜ਼ਾ ਹੋਈ ਸੀ। ਉਨ੍ਹਾਂ ‘ਤੇ ਲੰਡਨ ਵਿਚ ਆਮਦਨੀ ਤੋਂ ਵੱਧ ਸੰਪਤੀ ਬਣਾਉਣ ਦਾ ਦੋਸ਼ ਸੀ। ਜਦਕਿ ਦਸੰਬਰ 2018 ਵਿਚ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿੱਲ ਕੇਸ ਵਿਚ ਸੱਤ ਸਾਲਾਂ ਦੀ ਸਜ਼ਾ ਹੋਈ ਸੀ। ਇਹ ਕੇਸ ਕੌਮੀ ਜਵਾਬਦੇਹੀ ਬਿਊਰੋ ਵੱਲੋਂ ਦਾਖਲ ਕੀਤੇ ਗਏ ਸਨ। ਸ਼ਰੀਫ ਨੇ ਦੋਵਾਂ ਸਜ਼ਾਵਾਂ ਨੂੰ ਚੁਣੌਤੀ ਦਿੱਤੀ ਸੀ। ਨਵਾਜ਼ 2019 ਵਿਚ ਇਲਾਜ ਲਈ ਲੰਡਨ ਚਲੇ ਗਏ ਸਨ ਤੇ ਵਾਪਸ ਨਹੀਂ ਆਏ। ਉਨ੍ਹਾਂ ਨੂੰ 2020 ਵਿਚ ਦੋਵਾਂ ਕੇਸਾਂ ‘ਚ ਭਗੌੜਾ ਕਰਾਰ ਦਿੱਤਾ ਗਿਆ ਸੀ।