ਪਟਿਆਲਾ, 30 ਦਸੰਬਰ (ਪੰਜਾਬ ਮੇਲ)- ਦੋ ਸਾਲ ਪਹਿਲਾਂ ਚੰਨੀ ਸਰਕਾਰ ਵੇਲੇ ਦਰਜ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਭੇਜੇ ਸੰਮਨ ਤਹਿਤ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਅੱਜ ਮੁੜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ। ਇਸ ਤੋਂ ਪਹਿਲਾਂ 18 ਦਸੰਬਰ ਨੂੰ ਵੀ ਸਿੱਟ ਵੱਲੋਂ ਮਜੀਠੀਆ ਤੋਂ ਸੱਤ ਘੰਟੇ ਪੁੱਛ ਪੜਤਾਲ ਕੀਤੀ ਗਈ ਸੀ ਉਸ ਮਗਰੋਂ 27 ਦਸੰਬਰ ਨੂੰ ਮੁੜ ਸੱਦਿਆ ਗਿਆ ਸੀ ਪਰ ਮਜੀਠੀਆ ਨੇ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟਾਈ ਸੀ। ਇਸ ਤਰ੍ਹਾਂ ਅੱਜ ਦੂਜੀ ਵਾਰ ਉਸ ਤੋਂ ਪੁੱਛ ਪੜਤਾਲ ਸ਼ੁਰੂ ਹੋ ਚੁੱਕੀ ਹੈ। ਸ੍ਰੀ ਛੀਨਾ ਦੀ ਅਗਵਾਈ ਹੇਠਲੀ ਇਸ ਸਿੱਟ ਵਿੱਚ ਰਣਜੀਤ ਸਿੰਘ ਢਿੱਲੋਂ, ਏਸੀਪੀ ਹਰਵਿੰਦਰ ਸਿੰਘ ਵਿਰਕ ਤੇ ਡੀਐੱਸਪੀ ਜਸਵਿੰਦਰ ਸਿੰਘਟਿਵਾਣਾ ਸਮੇਤ ਹੋਰ ਮੈਂਬਰ ਵੀ ਸ਼ਾਮਲ ਹਨ। ਸ੍ਰੀ ਛੀਨਾ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ।