#INDIA

N.R.I. ਜੋੜੇ ‘ਤੇ ਹਮਲੇ ਦੇ ਮਾਮਲੇ ‘ਚ ਹਿਮਾਚਲ ਦੇ ਮੁੱਖ ਮੰਤਰੀ ਨੇ ਲਿਆ ਸਖ਼ਤ ਨੋਟਿਸ

ਸ਼ਿਮਲਾ, 18 ਜੂਨ (ਪੰਜਾਬ ਮੇਲ)- ਜ਼ਿਲ੍ਹਾ ਚੰਬਾ ਦੇ ਡਲਹੌਜ਼ੀ ਖਜਿਆਰ ‘ਚ ਇਕ ਐੱਨ.ਆਰ.ਆਈ. ਜੋੜੇ ‘ਤੇ ਹਮਲੇ ਨਾਲ ਸਬੰਧਤ ਘਟਨਾ ਨੂੰ ਲੈ ਕੇ ਅੰਮ੍ਰਿਤਸਰ ‘ਚ ਜੋੜੇ ਵਲੋਂ ਜ਼ੀਰੋ ਐੱਫ.ਆਈ.ਆਰ. ਦਰਜ ਕੀਤੇ ਜਾਣ ਦੀ ਰਿਪੋਰਟ ਦਾ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਸਖਤ ਨੋਟਿਸ ਲਿਆ ਹੈ। ਇਸ ਦੇ ਤਹਿਤ ਮੁੱਖ ਮੰਤਰੀ ਨੇ ਮਾਮਲੇ ਦੀ ਸਖਤ ਨਿੰਦਾ ਕਰਦੇ ਹੋਏ ਪੁਲਿਸ ਨੂੰ ਸਬੰਧਤ ਮਾਮਲੇ ‘ਚ ਵਿਸਥਾਰਤ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਖਜਿਆਰ ‘ਚ ਬੀਤੇ ਦਿਨੀਂ ਇਕ ਸਪੈਨਿਸ਼-ਪੰਜਾਬੀ ਜੋੜੇ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਪੁਲਿਸ ਅੰਮ੍ਰਿਤਸਰ ਪੁਲਿਸ ਸਟੇਸ਼ਨ ਤੋਂ ਆਉਣ ਵਾਲੀ ਜਾਣਕਾਰੀ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕਰੇਗੀ। ਉਨ੍ਹਾਂ ਨੇ ਸੋਮਵਾਰ ਨੂੰ ਸ਼ਿਮਲਾ ‘ਚ ਕਿਹਾ ਕਿ ਸੂਬੇ ਦੇ ਲੋਕ ਆਪਣੀ ਸਾਦਗੀ ਅਤੇ ਨਰਮ ਸੁਭਾਅ ਲਈ ਜਾਣੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਹ ਪੰਜਾਬੀ ਪਰਿਵਾਰ ਸਪੇਨ ਵਿਚ ਰਹਿੰਦਾ ਸੀ ਤੇ ਆਪਣਾ ਸਭ ਕੁਝ ਉੱਥੇ ਛੱਡ ਕੇ ਪੰਜਾਬ ਵਿਚ ਰੋਜ਼ਗਾਰ ਸ਼ੁਰੂ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਆਇਆ। ਉਹ ਹਿਮਾਚਲ ਦੇ ਡਲਹੋਜ਼ੀ ਇਲਾਕੇ ਵਿਚ ਘੁੰਮਣ ਲਈ ਗਿਆ ਸੀ, ਜਿਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਬਹਿਸਬਾਜ਼ੀ ਹੋ ਗਈ ਅਤੇ ਪਾਰਕਿੰਗ ਦੇ ਠੇਕੇਦਾਰ ਨੇ ਸੋ ਤੋਂ ਵੱਧ ਬੰਦਾ ਇਕੱਠਾ ਕਰ ਉਸ ਐੱਨ.ਆਰ.ਆਈ. ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇਸ ‘ਚ ਐੱਨ.ਆਰ.ਆਈ. ਪਰਿਵਾਰ ਦੇ ਮੁਖੀ ਖੁਦ ਤੇ ਉਸਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ, ਜਿਸ ਕਾਰਨ ਪਰਿਵਾਰ ਦਾ ਮੁਖੀ ਦੋ ਦਿਨ ਕੋਮਾ ‘ਚ ਰਿਹਾ। ਜਦੋਂ ਉਸ ਨੂੰ ਹੋਸ਼ ਆਇਆ, ਤਾਂ ਐੱਨ.ਆਰ.ਆਈ. ਜੋੜੇ ਨੇ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ।