#PUNJAB

N.I.A. ਵੱਲੋਂ ਪੰਜਾਬ ਤੇ ਰਾਜਸਥਾਨ ‘ਚ 16 ਥਾਵਾਂ ‘ਤੇ ਛਾਪੇ

– ਅੱਤਵਾਦੀ ਜਥੇਬੰਦੀਆਂ ਨਾਲ ਸਬੰਧਤ ਟਿਕਾਣਿਆਂ ‘ਤੇ ਛਾਪੇ ਮਾਰਨ ਦਾ ਦਾਅਵਾ
– ਪੰਜਾਬ ਦੇ ਬਠਿੰਡਾ, ਬਰਨਾਲਾ, ਨਵਾਂ ਸ਼ਹਿਰ, ਗੁਰਦਾਸਪੁਰ, ਤਰਨ ਤਾਰਨ, ਜਲੰਧਰ ਆਦਿ ਜ਼ਿਲ੍ਹਿਆਂ ‘ਚ ਛਾਪੇ ਮਾਰੇ
ਚੰਡੀਗੜ੍ਹ, 28 ਫਰਵਰੀ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਟੀਮਾਂ ਨੇ ਪੰਜਾਬ ਤੇ ਰਾਜਸਥਾਨ ‘ਚ ਦਰਜਨ ਤੋਂ ਵੱਧ ਥਾਵਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀਆਂ ਨੇ ਪੰਜਾਬ ਵਿਚ 14 ਅਤੇ ਰਾਜਸਥਾਨ ‘ਚ ਦੋ ਥਾਵਾਂ ‘ਤੇ ਕਾਰਵਾਈ ਕੀਤੀ ਹੈ।
ਪੰਜਾਬ ਪੁਲਿਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਇਹ ਕਾਰਵਾਈ ਸਿੱਖਸ ਫਾਰ ਜਸਟਿਸ ਅਤੇ ਹੋਰਨਾਂ ਸ਼ੱਕੀ ਜਥੇਬੰਦੀਆਂ ਨਾਲ ਸਬੰਧਤ ਟਿਕਾਣਿਆਂ ‘ਤੇ ਕੀਤੀ ਗਈ ਹੈ। ਐੱਨ.ਆਈ.ਏ. ਵੱਲੋਂ ਇਸ ਵਿਵਾਦਤ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਦਰਜ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਛਾਪਿਆਂ ਨੂੰ ਇਸੇ ਤਫ਼ਤੀਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਐੱਨ.ਆਈ.ਏ. ਨੇ ਕੁਝ ਮਹੀਨੇ ਪਹਿਲਾਂ ਹੀ ਪੰਨੂ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਸੀ। ਕੌਮੀ ਏਜੰਸੀ ਦੀਆਂ ਟੀਮਾਂ ਨੇ ਮੁੱਖ ਤੌਰ ‘ਤੇ ਬਠਿੰਡਾ, ਬਰਨਾਲਾ, ਨਵਾਂ ਸ਼ਹਿਰ, ਗੁਰਦਾਸਪੁਰ, ਤਰਨ ਤਾਰਨ, ਜਲੰਧਰ ਆਦਿ ਜ਼ਿਲ੍ਹਿਆਂ ਵਿਚ ਛਾਪੇ ਮਾਰੇ। ਇਸ ਮੁਹਿੰਮ ਦੌਰਾਨ ਏਜੰਸੀ ਨੇ ਸ਼ੱਕੀ ਵਿਅਕਤੀਆਂ ਦੀਆਂ ਜਾਇਦਾਦਾਂ, ਪਿਛਲੇ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਵਰਤ ਵਿਹਾਰ ਸਬੰਧੀ ਜਾਣਕਾਰੀ ਇਕੱਤਰ ਕੀਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਜੁਲਾਈ 2023 ਵਿਚ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਅਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤੇ ਸਨ। ਐੱਨ.ਆਈ.ਏ. ਨੇ ਜਿਨ੍ਹਾਂ ਤਿੰਨ ਮਾਮਲਿਆਂ ‘ਤੇ ਕਾਰਵਾਈ ਕੀਤੀ ਹੈ, ਉਹ ਪਾਬੰਦੀਸ਼ੁਦਾ ਸੰਗਠਨ ਅਤੇ ਦੇਸ਼ ‘ਚ ਚੱਲ ਰਹੇ ਅੱਤਵਾਦੀ-ਗੈਂਗਸਟਰ ਨੈੱਟਵਰਕ ਵੱਲੋਂ ਕੀਤੀਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਹਨ। ਅਜਿਹੀਆਂ ਗਤੀਵਿਧੀਆਂ ਵਿਚ ਸਰਹੱਦ ਪਾਰੋਂ ਹਥਿਆਰ ਅਤੇ ਗੋਲਾ ਬਾਰੂਦ, ਵਿਸਫੋਟਕ, ਆਈ.ਈ.ਡੀ. ਆਦਿ ਦੀ ਤਸਕਰੀ ਕਰਨਾ ਸ਼ਾਮਲ ਹੈ। ਟੀਮਾਂ ਨੇ ਕਈ ਥਾਵਾਂ ‘ਤੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਦਰਜਨ ਦੇ ਕਰੀਬ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਐੱਨ.ਆਈ.ਏ. ਦੀਆਂ ਟੀਮਾਂ ਵੱਲੋਂ ਇਸ ਸਾਲ ਦੌਰਾਨ ਪਹਿਲੀ ਵਾਰੀ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਹਨ। ਬੀਤੇ ਸਾਲ ਦੌਰਾਨ ਐੱਨ.ਆਈ.ਏ. ਦੀਆਂ ਟੀਮਾਂ ਪੰਜਾਬ ਵਿਚ ਬਹੁਤ ਜ਼ਿਆਦਾ ਸਰਗਰਮ ਰਹੀਆਂ ਸਨ। ਸਾਲ 2022 ਦੌਰਾਨ 8 ਵਾਰੀ ਦੇ ਕਰੀਬ ਪੰਜਾਬ ਵਿਚ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨ।