#PUNJAB

MP ਕਿਰਨ ਖੇਰ ਵੱਲੋਂ ਲੋਕ ਸਭਾ ਚੋਣਾਂ ਨਾ ਲੜਨ ਦੇ ਸੰਕੇਤ

ਚੰਡੀਗੜ੍ਹ, 23 ਫਰਵਰੀ (ਪੰਜਾਬ ਮੇਲ)- ਇੱਥੇ ਗੁਲਾਬ ਮੇਲੇ ਦੌਰਾਨ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਨੇ ਆਪਣੇ ਭਾਸ਼ਣ ਦੌਰਾਨ ਗੁਲਾਬ ਮੇਲੇ ਨਾਲ ਆਪਣੇ ਖ਼ਾਸ ਲਗਾਅ ਤੇ ਇਸ ਦੀ ਸੁੰਦਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਚੰਡੀਗੜ੍ਹ ਦੀ ਲੋਕ ਸਭਾ ਸੀਟ ਬਾਰੇ ਅਸਿੱਧੇ ਤੌਰ ‘ਤੇ ਆਪਣਾ ਦਰਦ ਵੀ ਬਿਆਨ ਕੀਤਾ। ਇਹ ਵੀ ਚਰਚਾ ਹੈ ਕਿ ਅੱਜ ਇੱਥੇ ਦਿੱਤੇ ਭਾਸ਼ਣ ਤੋਂ ਬਾਅਦ ਕਿਰਨ ਖੇਰ ਨੇ ਚੰਡੀਗੜ੍ਹ ਸੀਟ ਤੋਂ ਲੋਕ ਸਭਾ ਚੋਣ ਲੜਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਮੇਲੇ ਦੇ ਪਹਿਲੇ ਦਿਨ ਉਦਘਾਟਨ ਮੌਕੇ ਆਪਣੇ ਭਾਸ਼ਣ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਹ ਇੱਥੇ ਲਗਾਤਾਰ ਦਸ ਸਾਲਾਂ ਤੋਂ ਬਤੌਰ ਸੰਸਦ ਮੈਂਬਰ ਮੇਲੇ ਵਿਚ ਆਉਂਦੇ ਰਹੇ ਹਨ ਪਰ ਹੋ ਸਕਦਾ ਹੈ ਕਿ ਅਗਲੇ ਸਾਲ ਇਸ ਮੇਲੇ ਵਿਚ ਇਸ ਤਰ੍ਹਾਂ ਆਉਣ ਦਾ ਮੌਕਾ ਨਾ ਮਿਲੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਗੁਲਾਬ ਮੇਲੇ ਵਿਚ ਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਨਿਗਮ ਦੇ ਬਾਗ਼ਬਾਨੀ ਵਿਭਾਗ ਸਣੇ ਨਿਗਮ ਦੇ ਇੰਜੀਨੀਅਰ ਵਿਭਾਗ ਅਤੇ ਨਿਗਮ ਕਮਿਸ਼ਨਰ ਦੀ ਸ਼ਲਾਘਾ ਕੀਤੀ। ਸੰਸਦ ਮੈਂਬਰ ਨੇ ਸ਼ਹਿਰ ਦੇ ਨਵਨਿਯੁਕਤ ਮੇਅਰ ਕੁਲਦੀਪ ਕੁਮਾਰ ਟੀਟਾ ਨੂੰ ਨਸੀਹਤ ਦਿੱਤੀ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸੰਸਦ ਮੈਂਬਰ ਦਾ ਨਾਮ ਨਹੀਂ ਲਿਆ। ਸ਼੍ਰੀਮਤੀ ਖੇਰ ਨੇ ਕਿਹਾ ਕਿ ਮੇਅਰ ਜਨਤਕ ਸਮਾਗਮਾਂ ਵਿਚ ਪ੍ਰੋਟੋਕਾਲ ਦਾ ਧਿਆਨ ਰੱਖਣ।