#INDIA

Money ਲਾਂਡਰਿੰਗ ਮਾਮਲੇ ‘ਚ ਸੰਜੈ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)-ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਕਰਨ) ਮਾਮਲੇ ਵਿਚ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਈ.ਡੀ. ਦੇ ਅਧਿਕਾਰੀਆਂ ਅਨੁਸਾਰ ਇਹ ਚਾਰਜਸ਼ੀਟ ਮਨੀ ਲਾਂਡਰਿੰਗ ਵਿਰੋਧੀ ਐਕਟ (ਪੀ.ਐੱਮ.ਐੱਲ.ਏ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਥਾਨਕ ਅਦਾਲਤ ‘ਚ ਦਾਇਰ ਕੀਤੀ ਗਈ ਹੈ। ਇਹ ਇਕ ਸਪਲੀਮੈਂਟਰੀ ਚਾਰਜਸ਼ੀਟ ਹੈ ਤੇ ਸਬੰਧਤ ਕੇਸ ਵਿਚ ਏਜੰਸੀ ਇਸ ਤੋਂ ਪਹਿਲਾਂ ਪੰਜ ਸ਼ਿਕਾਇਤਾਂ ਦਰਜ ਕਰਵਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਈ.ਡੀ. ਨੇ ਅਕਤੂਬਰ ਵਿਚ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਕਾਰੋਬਾਰੀ ਦਿਨੇਸ਼ ਅਰੋੜਾ ਨੇ ਸੰਜੈ ਸਿੰਘ ਦੀ ਰਿਹਾਇਸ਼ ‘ਤੇ ਦੋ ਕਿਸ਼ਤਾਂ ਵਿਚ ਦੋ ਕਰੋੜ ਰੁਪਏ ਨਕਦ ਪਹੁੰਚਾਏ ਸਨ। ਇਹ ਰਕਮ ਅਗਸਤ 2021 ਤੇ ਅਪਰੈਲ 2022 ਦੌਰਾਨ ਦਿੱਤੀ ਗਈ ਸੀ। ਸੰਜੈ ਸਿੰਘ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ।