#PUNJAB

Money ਲਾਂਡਰਿੰਗ ਮਾਮਲਾ: ਮੁਹਾਲੀ Court ਨੇ ਧਰਮਸੋਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਐੱਸ.ਏ.ਐੱਸ. ਨਗਰ (ਮੁਹਾਲੀ), 23 ਜਨਵਰੀ (ਪੰਜਾਬ ਮੇਲ)- ਕੇਂਦਰੀ ਜਾਂਚ ਏਜੰਸੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਦਿੱਤਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਮੁੜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਕਾਂਗਰਸ ਆਗੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਭੇਜ ਦਿੱਤਾ ਹੈ। ਜੂਡੀਸ਼ੀਅਲ ਰਿਮਾਂਡ ਦੌਰਾਨ ਧਰਮਸੋਤ ਨੂੰ ਕੇਂਦਰੀ ਜੇਲ੍ਹ ਨਾਭਾ ਵਿਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਖੜ੍ਹੇ ਦਰੱਖ਼ਤ ਕਟਵਾਉਣ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ 30 ਨਵੰਬਰ ਨੂੰ ਈ.ਡੀ. ਨੇ ਇਹ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਸੀ। ਜਾਣਕਾਰੀ ਅਨੁਸਾਰ ਸੰਮਨਾਂ ਦੀ ਤਾਮੀਲ ਕਰਦਿਆਂ ਹਫ਼ਤਾ ਪਹਿਲਾਂ ਧਰਮਸੋਤ ਦੂਸਰੀ ਵਾਰ ਈ.ਡੀ. ਦੀ ਜਾਂਚ ਟੀਮ ਅੱਗੇ ਪੇਸ਼ ਹੋਏ ਸਨ ਤੇ ਪੁੱਛ-ਪੜਤਾਲ ਦੌਰਾਨ ਤਸੱਲੀਬਖ਼ਸ ਜਵਾਬ ਨਾ ਦੇਣ ‘ਤੇ ਈ.ਡੀ. ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਧਰਮਸੋਤ ਆਪਣੇ ਚਹੇਤੇ ਠੇਕੇਦਾਰ ਹਰਵਿੰਦਰ ਸਿੰਘ ਹੰਮੀ ਤੇ ਕਾਂਗਰਸ ਵਜ਼ਾਰਤ ਦੌਰਾਨ ਉਨ੍ਹਾਂ ਨਾਲ ਓ.ਐੱਸ.ਡੀ. ਰਹੇ ਕੰਵਲਪ੍ਰੀਤ ਸਿੰਘ ਰਾਹੀਂ ਰਿਸ਼ਵਤ ਦਾ ਪੈਸਾ ਲੈਂਦਾ ਸੀ।