ਇਸਰੋ ਦੇ ਖ਼ਾਤੇ ‘ਚ ਇਕ ਹੋਰ ਕਾਮਯਾਬੀ; ਪ੍ਰਧਾਨ ਮੰਤਰੀ ਨੇ ਇਤਿਹਾਸਕ ਪ੍ਰਾਪਤੀ ਲਈ ਵਿਗਿਆਨੀਆਂ ਨੂੰ ਦਿੱਤੀ ਵਧਾਈ
ਬੰਗਲੂਰੂ, 6 ਜਨਵਰੀ (ਪੰਜਾਬ ਮੇਲ)- ਇਸਰੋ ਨੇ ਆਪਣੇ ਪੁਲਾੜ ਪ੍ਰੋਗਰਾਮ ‘ਚ ਅੱਜ ਇਕ ਹੋਰ ਕਾਮਯਾਬੀ ਹਾਸਲ ਕਰਦਿਆਂ ਸੂਰਜ ਦੇ ਅਧਿਐਨ ਲਈ ਪੁਲਾੜ ਵਿਚ ਭੇਜਿਆ ਪਲੇਠਾ ਮਿਸ਼ਨ ਆਦਿੱਤਿਆ-ਐੱਲ1 ਪ੍ਰਕਾਸ਼ ਮੰਡਲ ਪੰਧ (ਹੇਲੋ ਔਰਬਿਟ) ‘ਤੇ ਪਾ ਦਿੱਤਾ, ਜੋ ਧਰਤੀ ਤੋਂ 1.5 ਮਿਲੀਅਨ (15 ਲੱਖ) ਕਿਲੋਮੀਟਰ ਦੂਰ ਹੈ। ਐੱਲ1 ਪੁਆਇੰਟ ਧਰਤੀ ਤੇ ਸੂਰਜ ਵਿਚਲੇ ਫਾਸਲੇ ਦਾ ਇਕ ਫੀਸਦੀ ਹੈ। ਇਕ ਉਪਗ੍ਰਹਿ ਨੂੰ ਪ੍ਰਕਾਸ਼ ਮੰਡਲ ਗ੍ਰਹਿ ਪੰਧ ‘ਤੇ ਐੱਲ1 ਪੁਆਇੰਟ ਦੇ ਨਜ਼ਦੀਕ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਇਥੋਂ ਸੂਰਜ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਲਗਾਤਾਰ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਪੁਆਇੰਟ ਤੋਂ ਸੂਰਜੀ ਸਰਗਰਮੀਆਂ ਤੇ ਪੁਲਾੜੀ ਮੌਸਮ ‘ਤੇ ਪੈਣ ਵਾਲੇ ਇਸ ਦੇ ਅਸਰ ਨੂੰ ਵਾਚਣ ਵਿਚ ਵੱਡੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੀ ਇਸ ਉਪਲੱਬਧੀ ‘ਤੇ ਵਧਾਈ ਦਿੱਤੀ ਹੈ।