#AMERICA

Massachusetts ਦੇ ਇਕ ਘਰ ‘ਚੋਂ ਭਾਰਤੀ ਮੂਲ ਦੇ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਦੀਆਂ ਲਾਸ਼ਾਂ ਮਿਲੀਆਂ

ਨਿਊਯਾਰਕ, 30 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਅਨੁਸਾਰ ਇਕ ਘਰ ਵਿਚੋਂ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਭਾਰਤੀ ਮੂਲ ਦੇ ਜੋੜੇ ਤੇ ਉਸ ਦੀ ਧੀ ਦੀਆਂ ਲਾਸ਼ਾਂ ਉਨ੍ਹਾਂ ਦੇ ਆਪਣੇ ਆਲੀਸ਼ਾਨ ਘਰ ਵਿਚੋਂ ਪੁਲਿਸ ਨੂੰ ਮਿਲੀਆਂ ਹਨ। ਜਿਨ੍ਹਾਂ ਦੀ ਸ਼ਨਾਖ਼ਤ ਰਾਕੇਸ਼ ਕਮਲ (57), ਉਨ੍ਹਾਂ ਦੀ ਪਤਨੀ ਟੀਨਾ (54) ਅਤੇ ਉਨ੍ਹਾਂ ਦੀ ਧੀ ਅਰਿਆਨਾ (18) ਸਾਲ ਵਜੋਂ ਹੋਈ ਹੈ। ਸ਼ਾਮ ਦੇ ਕਰੀਬ 7.30 ਵਜੇ ਦੇ ਕਰੀਬ ਡੋਵਰ ਵਿਚ ਸਥਿਤ ਉਨ੍ਹਾਂ ਦੇ ਘਰ ਤੋਂ ਇਹ ਲਾਸ਼ਾਂ ਮਿਲੀਆਂ। ਟੀਨਾ ਅਤੇ ਉਸ ਦਾ ਪਤੀ ਪਹਿਲਾਂ ਐਜੂਨੋਵਾ ਨਾਮ ਦੀ ਸਿੱਖਿਆ ਖੇਤਰ ਨਾਲ ਸਬੰਧਤ ਕੰਪਨੀ ਚਲਾਉਂਦੇ ਸਨ, ਜੋ ਬਾਅਦ ਵਿਚ ਬੰਦ ਕਰ ਦਿੱਤੀ ਗਈ ਸੀ। ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ ‘ਘਰੇਲੂ ਹਿੰਸਾ’ ਦੱਸਿਆ ਅਤੇ ਕਿਹਾ ਕਿ ਕਮਲ ਦੀ ਲਾਸ਼ ਨੇੜੇ ਬੰਦੂਕ ਮਿਲੀ ਹੈ। ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਅਤੇ ਕਿਸ ਨੇ ਕੀਤੀ ਸੀ। ਜੋੜਾ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਜੋੜੇ ਨੇ ਕੰਪਨੀ ਸਾਲ 2016 ‘ਚ ਸ਼ੁਰੂ ਕੀਤੀ ਸੀ ਪਰ ਇਹ ਦਸੰਬਰ 2021 ਵਿਚ ਬੰਦ ਹੋ ਗਈ। ਐਜੂਨੋਵਾ ਦੀ ਵੈੱਬਸਾਈਟ ‘ਤੇ ਟੀਨਾ ਕਮਲ ਨੂੰ ਕੰਪਨੀ ਦੀ ਮੁੱਖ ਸੰਚਾਲਨ ਅਧਿਕਾਰੀ ਦੱਸਿਆ ਗਿਆ ਹੈ।