ਨਿਊਯਾਰਕ, 27 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ 37 ਸਾਲਾ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ, ਤਾਂ ਉਸ ਦੇ ਘਰ ਤੋਂ ਲਗਭਗ 30 ਕਿਲੋ ਕੋਕੀਨ ਬਰਾਮਦ ਹੋਈ।
ਮੈਰੀਲੈਂਡ ਸੂਬੇ ਪ੍ਰਿੰਸ ਜਾਰਜ ਕਾਉਂਟੀ ਦੇ ਪੁਲਿਸ ਵਿਭਾਗ ਨੇ ਕਿਹਾ ਕਿ ਜਾਸੂਸਾਂ ਨੇ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਮੀਂ ਸਮਗਲਰ ਦੇ ਘਰ ‘ਤੇ ਤਲਾਸ਼ੀ ਵਾਰੰਟ ਨੂੰ ਅੰਜ਼ਾਮ ਦਿੱਤਾ, ਜਿੱਥੇ ਉਨ੍ਹਾਂ ਨੂੰ ਕੋਕੀਨ ਦੇ ਨਾਲ-ਨਾਲ ਫੈਂਟਾਨਿਲ ਨਾਲ ਭਰੀ 25 ਔਂਸ ਕੋਕੀਨ, 37 ਗ੍ਰਾਮ ਮੈਥਾਮਫੇਟਾਮਾਈਨ, ਅਤੇ 120,000 ਡਾਲਰ ਤੋਂ ਵੱਧ ਦੀ ਨਕਦੀ ਵੀ ਮਿਲੀ। ਪੁਲਿਸ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 3 ਮਿਲੀਅਨ ਡਾਲਰ ਤੋਂ ਵੱਧ ਹੈ। ਪੁਲਿਸ ਨੇ ਵਿਲੀਅਨਜ ਕੁਇੰਟਾਨਿਲਾ ਬੇਲਟ੍ਰਾਨ ਨਾਂ ਦੇ ਸਮੱਗਲਰ ‘ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ ਅਤੇ ਉਹ ਜੇਲ ਵਿਚ ਨਜ਼ਰਬੰਦ ਹੈ। ਅਤੇ ਉਸ ਨੂੰ ਨੋ-ਬਾਂਡ ਸਟੇਟਸ ‘ਤੇ ਰੱਖਿਆ ਗਿਆ ਹੈ।