#AMERICA

LOS ANGLES ਦੀ ਮੌਜੂਦਾ ਭਾਰਤੀ ਕੌਂਸਲਰ ਨਿਤਿਆ ਰਮਨ ਨੇ ਮੁੜ ਚੋਣ ਜਿੱਤੀ

ਸੈਕਰਾਮੈਂਟੋ, 20 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਨਿਤਿਆ ਰਮਨ ਦੁਬਾਰਾ ਫਿਰ ਲਾਸ ਏਂਜਲਸ ਦੀ ਕੌਂਸਲ ਮੈਂਬਰ ਚੁਣੀ ਗਈ ਹੈ। ਉਸ ਨੇ ਜਿੱਤ ਲਈ ਲੋੜੀਂਦੀਆਂ 50‚ ਤੋਂ ਵਧ ਵੋਟਾਂ ਪ੍ਰਾਪਤ ਕਰ ਲਈਆਂ ਹਨ। ਲਾਸ ਏਂਜਲਸ ਦੀ ਚੌਥੇ ਡਿਸਟ੍ਰਿਕਟ ਸੀਟ ਤੋਂ ਦੂਸਰੀ ਵਾਰ ਚੋਣ ਮੈਦਾਨ ‘ਚ ਉਤਰੀ ਰਮਨ ਨੂੰ 2 ਉਮੀਦਵਾਰਾਂ ਵੱਲੋਂ ਚੁਣੌਤੀ ਦਿੱਤੀ ਗਈ ਸੀ। ਇਨ੍ਹਾਂ ਵਿਰੋਧੀ ਉਮੀਦਵਾਰਾਂ ਨੇ ਬੇਘਰੇ ਲੋਕਾਂ ਦੀ ਸਮੱਸਿਆ ਤੇ ਅਪਰਾਧ ਨਾਲ ਨਜਿੱਠਣ ਦੀ ਰਮਨ ਦੀ ਸਮਰੱਥਾ ਉਪਰ ਸਵਾਲ ਉਠਾਏ ਸਨ ਪਰੰਤੂ ਵੋਟਰਾਂ ਨੇ ਉਨ੍ਹਾਂ ਵੱਲੋਂ ਉਠਾਏ ਸਵਾਲਾਂ ਨੂੰ ਨਕਾਰ ਦਿੱਤਾ ਤੇ ਮੁੜ ਉਸ ਦੀ ਕਾਬਲੀਅਤ ‘ਤੇ ਮੋਹਰ ਲਾ ਦਿੱਤੀ। ਰਮਨ ਨੂੰ ਕੁੱਲ 32430 (50.64%) ਵੋਟਾਂ ਮਿਲੀਆਂ, ਜਦਕਿ ਦੂਸਰੇ ਸਥਾਨ ‘ਤੇ ਰਹੇ ਉਸ ਦੇ ਵਿਰੋਧੀ ਡਿਪਟੀ ਸਿਟੀ ਅਟਾਰਨੀ ਏਥਾਨ ਵੀਵਰ ਨੂੰ 24730 (38.62%) ਵੋਟਾਂ ਮਿਲੀਆਂ। ਏਥਾਨ ਰਮਨ ਨੇ ਆਪਣੀ ਹਾਰ ਸਵਿਕਾਰ ਕਰਦਿਆਂ ਰਮਨ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ”ਅਸੀਂ ਸਾਡੇ ਸ਼ਹਿਰ ਦੇ ਅਹਿਮ ਮੁੱਦਿਆਂ ਬਾਰੇ ਸਹਿਮਤ ਰਹੇ ਹਾਂ ਪਰੰਤੂ ਇਨ੍ਹਾਂ ਮੁੱਦਿਆਂ ਦੇ ਹਲ ਨੂੰ ਲੈ ਕੇ ਵੱਖਰੇ ਵਿਚਾਰ ਰੱਖਦੇ ਹਾਂ ਪਰੰਤੂ ਅਸੀਂ ਕੱਟੜ ਵਿਰੋਧੀ ਕਦੇ ਵੀ ਨਹੀਂ ਰਹੇ। ਮੈਂ ਇਸ ਕਮਾਲ ਦੀ ਜਿੱਤ ਲਈ ਰਮਨ ਨੂੰ ਵਧਾਈ ਦਿੰਦਾ ਹਾਂ।” ਰਮਨ ਨੇ ਜਿੱਤ ਉਪਰੰਤ ਕਿਹਾ ਹੈ ਕਿ ਉਹ ਆਪਣੇ ਸਾਰੇ ਵਾਲੰਟੀਅਰਾਂ, ਹਮਾਇਤੀਆਂ ਤੇ ਸਾਡੇ ਜ਼ਿਲ੍ਹੇ ਦੇ ਵਾਸੀਆਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਮੈਨੂੰ ਦੁਬਾਰਾ ਕੌਂਸਲ ਮੈਂਬਰ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ ਹੈ।