#INDIA

Lok Sabha Election : ‘ਆਪ’ ਵੱਲੋਂ ਪੰਜਾਬ ਦੇ ਉਮੀਦਵਾਰਾਂ ਬਾਰੇ ਚਰਚਾ

ਨਵੀਂ ਦਿੱਲੀ,  21 ਜਨਵਰੀ (ਪੰਜਾਬ ਮੇਲ)- ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ‘ਆਪ’ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ’ਚ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਨਰਲ ਸਕੱਤਰ (ਜਥੇਬੰਦਕ) ਸੰਦੀਪ ਪਾਠਕ, ਸੰਸਦ ਮੈਂਬਰ ਰਾਘਵ ਚੱਢਾ ਤੇ ਪਾਰਟੀ ਦੇ ਹੋਰ ਆਗੂ ਹਾਜ਼ਰ ਸਨ।

ਪਾਰਟੀ ਦੇ ਨੇੜਲੇ ਸੂਤਰਾਂ ਨੇ ਦੱਸਿਆ, ‘ਆਗੂਆਂ ਨੇ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਹੈ। ਸੀਟਾਂ ਦੀ ਵੰਡ ਦੀ ਸੰਭਾਵਨਾ ਜਿਹੇ ਕਈ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ ਪਰ ਇਹ ਚਰਚਾ ਕਿਸੇ ਨਤੀਜੇ ’ਤੇ ਨਹੀਂ ਪੁੱਜੀ। ਆਉਣ ਵਾਲੇ ਦਿਨਾਂ ’ਚ ਹੋਰ ਮੀਟਿੰਗਾਂ ਹੋਣਗੀਆਂ।’ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਵਿਰੋਧੀ ਪਾਰਟੀਆਂ ਦੇ ਇੰਡੀਆ ਗੱਠਜੋੜ ਦੀਆਂ ਮੈਂਬਰ ਹਨ ਅਤੇ ਇਹ ਦੋਵੇਂ ਪਾਰਟੀਆਂ ਦਿੱਲੀ ਤੇ ਪੰਜਾਬ ਸਮੇਤ ਹੋਰ ਸੂਬਿਆਂ ’ਚ ਸੀਟਾਂ ਦੀ ਵੰਡ ਬਾਰੇ ਚਰਚਾ ਕਰ ਰਹੀਆਂ ਹਨ। ਸੂਤਰਾਂ ਦਾ ਹਾਲਾਂਕਿ ਕਹਿਣਾ ਹੈ ਕਿ ਦੋਵਾਂ ਪਾਰਟੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਸੂਬਾਈ ਇਕਾਈਆਂ ਚੋਣਾਂ ਦੌਰਾਨ ਗੱਠਜੋੜ ਦੇ ਹੱਕ ’ਚ ਨਹੀਂ ਹਨ। ਸੂਤਰਾਂ ਨੇ ਕਿਹਾ, ‘ਪੰਜਾਬ ’ਚ ਛੇ ਸੀਟਾਂ ਸਾਂਝੀਆਂ ਕਰਨ ਦੀ ਸੰਭਾਵਨਾ ’ਤੇ ਚਰਚਾ ਕੀਤੀ ਜਾ ਰਹੀ ਸੀ ਪਰ ਕਾਂਗਰਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਉਸ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਜਿੱਤੀਆਂ ਗਈਆਂ ਸਾਰੀਆਂ ਅੱਠ ਸੀਟਾਂ ’ਤੇ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਚੋਂ ਕਾਂਗਰਸ ਨੇ ਅੱਠ ਜਦਕਿ ਅਕਾਲੀ ਦਲ-ਭਾਜਪਾ ਗੱਠਜੋੜ ਨੇ ਚਾਰ ਸੀਟਾਂ ਜਿੱਤੀਆਂ ਸਨ। ‘ਆਪ’ ਸਿਰਫ਼ ਇੱਕ ਸੀਟ ਹੀ ਜਿੱਤ ਸਕੀ ਸੀ। ਅਪਰੈਲ-ਮਈ ’ਚ ਹੋਣ ਵਾਲੀਆਂ ਆਮ ਚੋਣਾਂ ਲਈ ਕਾਂਗਰਸ ਤੇ ‘ਆਪ’ ਸਣੇ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਅਜੇ ਤੱਕ ਸੀਟਾਂ ਦੀ ਵੰਡ ਬਾਰੇ ਕੋਈ ਫਾਰਮੂਲਾ ਪੇਸ਼ ਨਹੀਂ ਕੀਤਾ ਹੈ। ਪਾਰਟੀ ਆਗੂਆਂ ਨੇ ਪਹਿਲਾਂ ਕਿਹਾ ਸੀ ਕਿ ‘ਆਪ’ ਨੇ ਕਾਂਗਰਸ ਨੂੰ ਸਪੱਸ਼ਟ ਕੀਤਾ ਸੀ ਕਿ ਉਹ ਦਿੱਲੀ, ਗੋਆ, ਗੁਜਰਾਤ, ਹਰਿਆਣਾ ਤੇ ਪੰਜਾਬ ’ਚ ਚੋਣਾਂ ਲਈ ਗੱਠਜੋੜ ਕਰਨਾ ਚਾਹੁੰਦੀ ਹੈ।