#AMERICA

Khalra Park ਵਾਲੇ ਬਾਬਿਆਂ ਨੇ ਮਨਾਇਆ ਸਰਪੰਚ ਅਵਤਾਰ ਸਿੰਘ ਚੌਹਾਨ ਦਾ 85ਵਾਂ ਜਨਮ ਦਿਨ

ਫਰਿਜ਼ਨੋ, 6 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਥਾਨਿਕ ਖਾਲੜਾ ਪਾਰਕ ਵਾਲੇ ਬਾਬਿਆਂ ਨੇ ਰਲਕੇ ਆਪਣੇ ਸਾਥੀ ਸਰਪੰਚ ਅਵਤਾਰ ਸਿੰਘ ਚੌਹਾਨ ਦਾ 85ਵਾਂ ਜਨਮਦਿਨ ਬੜੀ ਸ਼ਾਨੋ-ਸ਼ੌਕਤ ਨਾਲ ਖਾਲੜਾ ਪਾਰਕ ਫਰਿਜ਼ਨੋ ਵਿਚ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਨਾਇਆ। ਖਾਲੜਾ ਪਾਰਕ ਵਾਲੇ ਬਾਬਿਆਂ ਨੇ ਕੇਕ ਕੱਟਿਆ ਤੇ ਸਰਪੰਚ ਸਾਬ੍ਹ ਨੂੰ ਹਾਰ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਜਨਮਦਿਨ ਮਨਾਇਆ। ਇਹ ਸਮਾਗਮ ਸਰਪੰਚ ਸਾਬ੍ਹ ਲਈ ਇੱਕ ਸਰਪਰਾਈਜ਼ ਪਾਰਟੀ ਰੱਖਕੇ ਮਨਾਇਆ ਗਿਆ। ਸਰਪੰਚ ਅਵਤਾਰ ਸਿੰਘ ਚੌਹਾਨ ਨੇ ਕਿਹਾ ਕਿ ਮੇਰੇ ਜਨਮਦਿਨ ‘ਤੇ ਇਹ ਪਾਰਟੀ ਕਰਨ ਲਈ ਮੈਂ ਤਹਿ ਦਿਲੋਂ ਸਭਨਾਂ ਮੈਂਬਰਾਂ ਦਾ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਜ਼ਿੰਦਗੀ ਦਾ ਇੱਕ-ਇੱਕ ਸਾਹ ਕਮਿਉਨਟੀ ਦੀ ਸੇਵਾ ਵਿਚ ਲਾਵਾਂਗਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ. ਅਵਤਾਰ ਸਿੰਘ ਚੌਹਾਨ ਪੰਜਾਬ ਦੇ ਨਗਰ ਪਿੰਡ ਦੇ ਲੰਮਾ ਸਮਾਂ ਸਰਪੰਚ ਰਹਿ ਚੁੱਕੇ ਹਨ, ਅਤੇ ਪਿਛਲੇ ਲੰਮੇ ਅਰਸੇ ਤੋਂ ਕੈਲੀਫੋਰਨੀਆ ਦੇ ਸ਼ਹਿਰ Fresno ਵਿਖੇ ਰਹਿ ਰਹੇ ਹਨ ਤੇ ਕਮਿਉਂਨਟੀ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਰ ਸਾਲ ਖਾਲੜਾ ਸਾਬ੍ਹ ਦੀ ਯਾਦ ਵਿਚ ਮਨਾਏ ਜਾਂਦੇ ਸਮਾਗਮ ਵਿਚ ਵੀ ਸਰਪੰਚ ਅਵਤਾਰ ਸਿੰਘ ਚੌਹਾਨ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਮਾਸਟਰ ਸੁਲੱਖਣ ਸਿੰਘ, ਹਰਦੇਵ ਸਿੰਘ ਰਾਊਕੇ, ਸਾਧੂ ਸਿੰਘ ਸੰਘਾ, ਹੈਰੀ ਮਾਨ, ਮਨਜੀਤ ਕੁਲਾਰ ਦੇ ਨਾਲ ਹੋਰ ਬਹੁਤ ਸਾਰੇ ਪਤਵੰਤੇ ਮਜੂਦ ਰਹੇ।