ਦੁਬਈ, 12 ਫਰਵਰੀ (ਪੰਜਾਬ ਮੇਲ)- ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਸਖ਼ਤੀ ਨੇ ਭਿਆਨਕ ਰੂਪ ਧਾਰ ਲਿਆ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ, ਪਿਛਲੇ ਮਹੀਨੇ ਤੋਂ ਜਾਰੀ ਇਸ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ 7,002 ਲੋਕ ਮਾਰੇ ਜਾ ਚੁੱਕੇ ਹਨ, ਜਦੋਂਕਿ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋਣ ਦਾ ਖ਼ਦਸ਼ਾ ਹੈ।
ਇਰਾਨੀ ਹਕੂਮਤ ਵੱਲੋਂ ਇੰਟਰਨੈੱਟ ਅਤੇ ਸੰਚਾਰ ਸਾਧਨਾਂ ’ਤੇ ਲਗਾਈਆਂ ਪਾਬੰਦੀਆਂ ਕਾਰਨ ਸਹੀ ਜਾਣਕਾਰੀ ਬਾਹਰ ਆਉਣ ਵਿੱਚ ਮੁਸ਼ਕਲ ਹੋ ਰਹੀ ਹੈ। ਹਾਲਾਂਕਿ ਇਰਾਨੀ ਸਰਕਾਰ ਨੇ ਸਿਰਫ਼ 3,117 ਮੌਤਾਂ ਦੀ ਗੱਲ ਕਹੀ ਹੈ ਪਰ ਕਾਰਕੁਨਾਂ ਦਾ ਦਾਅਵਾ ਹੈ ਕਿ ਅਸਲੀਅਤ ਨੂੰ ਲੁਕਾਇਆ ਜਾ ਰਿਹਾ ਹੈ। ਦੂਜੇ ਪਾਸੇ, ਖੇਤਰ ਵਿੱਚ ਫੌਜੀ ਤਣਾਅ ਵੀ ਵਧ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ’ਤੇ ਦਬਾਅ ਬਣਾਉਣ ਲਈ ਖਾੜੀ ਖੇਤਰ ਵਿੱਚ ਆਪਣੇ ਜੰਗੀ ਜਹਾਜ਼ਾਂ ਦਾ ਵੱਡਾ ਬੇੜਾ (Armada) ਭੇਜ ਦਿੱਤਾ ਹੈ। ਅਮਰੀਕੀ ਫੌਜ ਨੇ ਇੱਕ ਸ਼ੱਕੀ ਡਰੋਨ ਵੀ ਡੇਗ ਦਿੱਤਾ ਹੈ ਜੋ ਉਨ੍ਹਾਂ ਦੇ ਜੰਗੀ ਬੇੜੇ ਦੇ ਨੇੜੇ ਆ ਰਿਹਾ ਸੀ। ਇਸ ਦੌਰਾਨ ਇਰਾਨੀ ਅਧਿਕਾਰੀ ਅਲੀ ਲਾਰੀਜਾਨੀ ਕਤਰ ਅਤੇ ਓਮਾਨ ਵਰਗੇ ਦੇਸ਼ਾਂ ਨਾਲ ਮੁਲਾਕਾਤਾਂ ਕਰ ਰਹੇ ਹਨ ਤਾਂ ਜੋ ਕੋਈ ਵਿਚਲਾ ਰਸਤਾ ਕੱਢਿਆ ਜਾ ਸਕੇ। ਪੁਲੀਸ ਅਤੇ ਸੁਰੱਖਿਆ ਬਲਾਂ ਦੀ ਸਖ਼ਤੀ ਕਾਰਨ ਇਰਾਨ ਦੀਆਂ ਗਲੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

