ਮੁੰਬਈ, 17 ਦਸੰਬਰ (ਪੰਜਾਬ ਮੇਲ)- ਮੁੰਬਈ ਇੰਡੀਅਨਜ਼ ਨੇ ਆਈਪੀਐਲ ਨਿਲਾਮੀ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਆਉਣ ਵਾਲੇ ਸੀਜ਼ਨ ਲਈ ਕਪਤਾਨ ਨਿਯੁਕਤ ਕੀਤਾ ਹੈ। ਹਾਰਦਿਕ ਟੂਰਨਾਮੈਂਟ ਵਿੱਚ ਰੋਹਿਤ ਸ਼ਰਮਾ ਦੀ ਥਾਂ ਕਮਾਨ ਸੰਭਾਲਣਗੇ। ਰੋਹਿਤ 10 ਸਾਲ ਤੱਕ ਮੁੰਬਈ ਦੇ ਕਪਤਾਨ ਰਹੇ। ਉਨ੍ਹਾਂ ਨੇ ਟੀਮ ਨੂੰ ਪੰਜ ਵਾਰ ਚੈਂਪੀਅਨ ਵੀ ਬਣਾਇਆ।
ਦੱਸ ਦਈਏ ਕਿ ਹਾਰਦਿਕ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਚੁੱਕੇ ਹਨ। ਉਹ ਟੀਮ ਨੂੰ ਦੋ ਵਾਰ ਫਾਈਨਲ ਤੱਕ ਲੈ ਗਏ ਸਨ। ਗੁਜਰਾਤ ਦੀ ਟੀਮ 2022 ਵਿੱਚ ਚੈਂਪੀਅਨ ਬਣੀ ਸੀ ਅਤੇ 2023 ਵਿੱਚ ਚੇਨਈ ਸੁਪਰ ਕਿੰਗਜ਼ ਤੋਂ ਫਾਈਨਲ ਹਾਰ ਗਈ ਸੀ। ਰੋਹਿਤ ਆਉਣ ਵਾਲੇ ਸੀਜ਼ਨ ‘ਚ ਫਰੈਂਚਾਇਜ਼ੀ ਲਈ ਖੇਡਣਗੇ। ਮੁੰਬਈ ਇੰਡੀਅਨਜ਼ ਦੇ ਬਿਆਨ ਵਿੱਚ ਕਿਹਾ ਗਿਆ ਹੈ, ਮੁੰਬਈ ਇੰਡੀਅਨਜ਼ ਨੇ ਆਉਣ ਵਾਲੇ ਸੀਜ਼ਨ ਲਈ ਲੀਡਰਸ਼ਿਪ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਮਸ਼ਹੂਰ ਆਲਰਾਊਂਡਰ ਹਾਰਦਿਕ ਪੰਡਯਾ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਅਤੇ ਪਸੰਦੀਦਾ ਕਪਤਾਨਾਂ ਵਿੱਚੋਂ ਇੱਕ ਰੋਹਿਤ ਸ਼ਰਮਾ ਦੀ ਜਗ੍ਹਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲਣ ਲਈ ਤਿਆਰ ਹੈ।
ਦੂਜੇ ਪਾਸੇ ਜੇਕਰ ਰੋਹਿਤ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਲ 2013 ‘ਚ ਮੁੰਬਈ ਦੇ ਕਪਤਾਨ ਬਣੇ ਸਨ। ਉਨ੍ਹਾਂ ਦੀ ਕਪਤਾਨੀ ‘ਚ ਹੀ ਮੁੰਬਈ ਨੇ ਆਪਣੇ ਸਾਰੇ ਪੰਜ ਖਿਤਾਬ ਜਿੱਤੇ ਸਨ। ਰੋਹਿਤ ਨੇ 2013, 2015, 2017, 2019 ਅਤੇ 2020 ਵਿੱਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਪਿਛਲੇ ਸੀਜ਼ਨ ‘ਚ ਮੁੰਬਈ ਦੀ ਟੀਮ ਪਲੇਆਫ ‘ਚ ਪਹੁੰਚੀ ਸੀ, ਪਰ ਖਿਤਾਬੀ ਮੁਕਾਬਲੇ ‘ਚ ਨਹੀਂ ਪਹੁੰਚ ਸਕੀ ਸੀ।