ਇਸਲਾਮਾਬਾਦ, 23 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਅੰਤ੍ਰਿਮ ਸਰਕਾਰ ਨੇ ਬੁੱਧਵਾਰ ਨੂੰ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ 28 ਹੋਰ ਵਿਅਕਤੀਆਂ ਦੇ ਨਾਂ ਨਿਕਾਸੀ ਕੰਟਰੋਲ ਸੂਚੀ (ਈ. ਸੀ. ਐੱਲ.) ਵਿਚ ਪਾਉਣ ਦੀ ਸਿਫਾਰਸ਼ ਕੀਤੀ ਹੈ, ਤਾਂ ਜੋ ਇਹ ਲੋਕ ਦੇਸ਼ ਤੋਂ ਬਾਹਰ ਨਾ ਜਾ ਸਕਣ। ਉਕਤ ਵਿਅਕਤੀਆਂ ਦੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਮੂਲੀਅਤ ਦੇ ਮੱਦੇਨਜ਼ਰ ਇਹ ਸਿਫਾਰਸ਼ ਕੀਤੀ ਗਈ ਹੈ। ‘ਦਿ ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਅਲ-ਕਾਦਿਰ ਟਰੱਸਟ ਮਾਮਲੇ ਵਿਚ ਸ਼ਮੂਲੀਅਤ ਦੇ ਮੱਦੇਨਜ਼ਰ ਸੰਘੀ ਕੈਬਨਿਟ ਦੀ ਇਕ ਸਬ-ਕਮੇਟੀ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਮੁਖੀ ਇਮਰਾਨ ਖਾਨ ਅਤੇ 28 ਹੋਰ ਵਿਅਕਤੀਆਂ ਦੇ ਨਾਂ ਈ.ਸੀ.ਐੱਲ. ਵਿਚ ਪਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਮਾਮਲੇ ਵਿਚ ਦੋਸ਼ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ 50 ਅਰਬ ਰੁਪਏ ਨੂੰ ਜਾਇਜ਼ ਬਣਾਉਣ ਲਈ ਬਾਹਰੀਆ ਟਾਊਨ ਲਿਮਟਿਡ ਕੋਲੋਂ ਅਰਬਾਂ ਰੁਪਏ ਅਤੇ ਸੈਂਕੜੇ ਕਨਾਲ ਜ਼ਮੀਨ ਲਈ ਸੀ।