#AMERICA

ICE ਅਧਿਕਾਰੀਆਂ ਨੂੰ ਗ੍ਰਿਫ਼ਤਾਰੀਆਂ ਕਰਨ ਲਈ ਇਨਾਮ ਦਿੱਤੇ ਜਾਣਗੇ

ਵਾਸ਼ਿੰਗਟਨ ਡੀ.ਸੀ., 21 ਜਨਵਰੀ (ਪੰਜਾਬ ਮੇਲ)- ਅਮਰੀਕਾ ਪ੍ਰਸ਼ਾਸਨ ਨੇ ਹੁਣ ਗੈਰ ਕਾਨੂੰਨੀ ਲੋਕਾਂ ਨੂੰ ਫੜਨ ਲਈ ICE ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹਨ। ਉਨ੍ਹਾਂ ਨੂੰ ਗੈਰ ਕਾਨੂੰਨੀ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਨ ਲਈ ਇਨਾਮ ਦਿੱਤੇ ਜਾਣਗੇ। ਇਸ ਵਕਤ ICE ਏਜੰਟਾਂ ‘ਤੇ ਗ੍ਰਿਫਤਾਰੀਆਂ ਕਰਨ ਲਈ ਭਾਰੀ ਦਬਾਅ ਹੈ। ਕਿਉਂਕਿ ਏਜੰਸੀ ਨੇ ਦੇਸ਼ ਭਰ ਵਿਚ 3 ਹਜ਼ਾਰ ਗ੍ਰਿਫਤਾਰੀਆਂ ਦਾ ਰੋਜ਼ਾਨਾ ਕੋਟਾ ਨਿਰਧਾਰਿਤ ਕੀਤਾ ਹੈ। ICE ਏਜੰਟਾਂ ਵੱਲੋਂ ਗ੍ਰਿਫਤਾਰ ਕੀਤੇ ਲੋਕਾਂ ਨੂੰ ਜੇ ਬਾਅਦ ਵਿਚ ਛੱਡ ਵੀ ਦਿੱਤਾ ਜਾਂਦਾ ਹੈ, ਤਾਂ ਉਹ ਫਿਰ ਵੀ ਇਨਾਮ ਦੇ ਹੱਕਦਾਰ ਰਹਿਣਗੇ।
ਯੂ.ਐੱਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਪਿਛਲੇ ਦਿਨੀਂ ਇਕ ਬਿਆਨ ਵਿਚ ਕਿਹਾ ਸੀ ਕਿ ਹੁਣ ਤੱਕ ਭਾਰੀ ਗਿਣਤੀ ਵਿਚ ਗੈਰ ਕਾਨੂੰਨੀ ਲੋਕਾਂ ਨੂੰ ਆਪਣੇ ਦੇਸ਼ਾਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ। ਪਰ ਰਾਸ਼ਟਰਪਤੀ ਟਰੰਪ ਵੱਲੋਂ ਹਾਲੇ ਵੀ ਸੰਤੁਸ਼ਟੀ ਨਹੀਂ ਪ੍ਰਗਟਾਈ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਗੈਰ ਕਾਨੂੰਨੀ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ। ਇਸ ਦੇ ਲਈ ਸਾਲ 2026 ਦਾ ਬਜਟ ਕੋਟਾ ਵੀ ਵਧਾ ਦਿੱਤਾ ਗਿਆ ਹੈ। ਇਹ ਰਾਸ਼ੀ ਹੁਣ ਇਸੇ ਕੰਮ ‘ਤੇ ਖਰਚੀ ਜਾਵੇਗੀ।