#Cricket #SPORTS

I.P.L. 2024 : ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਬਣੇ ਪੰਡਯਾ

-5 ਵਾਰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਦੀ ਛੁੱਟੀ
ਆਈ.ਪੀ.ਐੱਲ. ਦੀ ਸਭ ਤੋਂ ਸਫ਼ਲ ਟੀਮ ਮੁੰਬਈ ਇੰਡੀਅਨਜ਼ ਦੇ ਟੀਮ ਮੈਨੇਜਮੈਂਟ ਵੱਲੋਂ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਗਿਆ ਹੈ। ਟੀਮ ਨੂੰ ਰਿਕਾਰਡ 5 ਵਾਰ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਹੁਣ ਰੋਹਿਤ ਦੀ ਸ਼ਰਮਾ ਦੀ ਜਗ੍ਹਾ ਹਾਰਦਿਕ ਪੰਡਯਾ ਦੇ ਹੱਥ ਟੀਮ ਦੀ ਕਮਾਨ ਸੌਂਪ ਦਿੱਤੀ ਗਈ ਹੈ।
ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 2023 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਲਗਾਤਾਰ 10 ਮੈਚ ਜਿੱਤ ਕੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ। ਇਸ ਦੌਰਾਨ ਬੱਲੇ ਦੇ ਨਾਲ-ਨਾਲ ਉੁਨ੍ਹਾਂ ਨੇ ਆਪਣੀ ਕਪਤਾਨੀ ਨਾਲ ਵੀ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਸੀ। ਵਿਸ਼ਵ ਕੱਪ ਦੌਰਾਨ ਉਨ੍ਹਾਂ ਨੇ ਸਭ ਤੋਂ ਵੱਧ ਛੱਕੇ ਮਾਰੇ। ਇਸ ਵਿਸ਼ਵ ਕੱਪ ਸੀਜ਼ਨ ‘ਚ ਇਕ ਕਪਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਉਨ੍ਹਾਂ ਆਪਣੇ ਨਾਂ ਕੀਤਾ।
ਆਈ.ਪੀ.ਐੱਲ. ਦੀ ਗੱਲ ਕਰੀਏ, ਤਾਂ ਉਨ੍ਹਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਹੋਏ ਟੀਮ ਨੂੰ 5 ਵਾਰ ਟ੍ਰਾਫੀ ਜਿਤਾਈ ਹੈ ਤੇ ਸਭ ਤੋਂ ਸਫ਼ਲ ਟੀਮ ਬਣਾਇਆ। ਹਾਰਦਿਕ ਪੰਡਯਾ 2 ਸਾਲ ਗੁਜਰਾਤ ਜਾਇੰਟਸ ਵੱਲੋਂ ਖੇਡ ਕੇ ਆਪਣੀ ਪੁਰਾਣੀ ਟੀਮ ‘ਚ ਵਾਪਸੀ ਕਰ ਰਿਹਾ ਹੈ। ਉਸ ਦੀ ਕਪਤਾਨੀ ‘ਚ ਗੁਜਰਾਤ ਜਾਇੰਟਸ ਪਹਿਲੀ ਵਾਰ ‘ਚ ਹੀ ਚੈਂਪੀਅਨ ਬਣ ਗਈ ਸੀ ਤੇ ਦੂਜੀ ਵਾਰ ਵੀ ਫਾਈਨਲ ‘ਚ ਪੁੱਜੀ ਸੀ, ਜਿੱਥੇ ਟੀਮ ਨੂੰ ਚੇਨਈ ਸੁਪਰਕਿੰਗਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹਾਰਦਿਕ ਪੰਡਯਾ ਨੂੰ ਟੀਮ ਮੈਨੇਜਮੈਂਟ ਨੇ ਗੁਜਰਾਤ ਜਾਇੰਟਸ ਨਾਲ ਟ੍ਰੇਡ ਕਰ ਕੇ ਵਾਪਸ ਮੁੰਬਈ ਇੰਡੀਅਨਜ਼ ‘ਚ ਲਿਆਂਦਾ ਹੈ ਤੇ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨੀ ਵੀ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਡਯਾ ਦੀ ਕਪਤਾਨੀ ‘ਚ ਮੁੰਬਈ ਇੰਡੀਅਨਜ਼ ਕਿਹੋ ਜਿਹਾ ਪ੍ਰਦਰਸ਼ਨ ਕਰ ਪਾਉਂਦੀ ਹੈ।