#Cricket #SPORTS

I.P.L. 2024 ਦੇ ਸਭ ਤੋਂ ਮਹਿੰਗੇ 10 ਖਿਡਾਰੀ ‘ਤੇ ਹੋਈ ਪੈਸਿਆਂ ਦੀ ਵਰਖਾ

-ਪਹਿਲੇ 10 ਖਿਡਾਰੀਆਂ ‘ਚ 3 ਆਸਟ੍ਰੇਲੀਆ ਦੇ ਖਿਡਾਰੀਆਂ ਨੇ ਮਨਵਾਇਆ ਆਪਣਾ ਲੋਹਾ
ਮੁੰਬਈ, 20 ਦਸੰਬਰ (ਪੰਜਾਬ ਮੇਲ)- ਸਭ ਤੋਂ ਮਹਿੰਗੇ ਖਿਡਾਰੀਆਂ ਦੇ ਪਹਿਲੇ 10 ਖਿਡਾਰੀਆਂ ਵਿਚ 3 ਆਸਟ੍ਰੇਲੀਆ ਦੇ ਖਿਡਾਰੀਆਂ ਨੇ ਆਪਣਾ ਲੋਹਾ ਮਨਵਾਇਆ। ਆਈ.ਪੀ.ਐੱਲ. 2024 ਦੇ ਲਈ ਸਾਰੀਆਂ ਟੀਮਾਂ ਨੇ ਬੋਲੀ ਲਗਾ ਕੇ ਖਿਡਾਰੀ ਖਰੀਦ ਲਏ ਹਨ ਅਤੇ ਖਿਤਾਬ ਜਿੱਤਣ ਲਈ ਆਪਣੀ-ਆਪਣੀ ਟੀਮ ਨੂੰ ਕਈ ਨਵੇਂ ਖਿਡਾਰੀਆਂ ਨਾਲ ਲੈਸ ਕਰ ਲਿਆ ਹੈ। ਆਈ.ਪੀ.ਐੱਲ. ਦੇ 17ਵੇਂ ਸੀਜ਼ਨ ਲਈ ਲਗਭਗ 10 ਫ਼੍ਰੈਂਚਾਈਜ਼ੀਆਂ ਨੇ ਖਿਡਾਰੀਆਂ ਦੀ ਖਰੀਦ ਕੀਤੀ, ਪਰ ਆਈ.ਪੀ.ਐੱਲ. ਦੇ ਇਸ ਸੀਜ਼ਨ ਵਿਚ ਸਭ ਤੋਂ ਵੱਧ ਜਲਵਾ ਆਸਟ੍ਰੇਲੀਆਈ ਖਿਡਾਰੀਆਂ ਦਾ ਰਿਹਾ, ਜਿਨ੍ਹਾਂ ਨੇ ਸਭ ਤੋਂ ਵੱਧ ਬੋਲੀ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ। ਪਹਿਲੇ 10 ਖਿਡਾਰੀਆਂ ਵਿਚ 3 ਆਸਟ੍ਰੇਲੀਆ ਦੇ ਖਿਡਾਰੀਆਂ ਨੇ ਆਪਣਾ ਲੋਹਾ ਮਨਵਾਇਆ। ਪਹਿਲੇ ਨੰਬਰ ‘ਤੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਹਨ, ਜਿਨ੍ਹਾਂ ਨੂੰ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਹੋਣ ਦਾ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.40 ਕਰੋੜ ਰੁਪਏ ਦੀ ਬੋਲੀ ਲਾ ਕੇ ਖਰੀਦਿਆ। ਸਟਾਰਕ ਇਸ ਸਾਲ ਭਾਰਤ ‘ਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆ ਟੀਮ ਦਾ ਹਿੱਸਾ ਵੀ ਰਹੇ ਸਨ।
ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੇ ਹੀ ਖਿਡਾਰੀ ਪੈਟ ਕਮਿੰਸ ਹਨ। ਕਮਿੰਸ ਨੂੰ 20.50 ਕਰੋੜ ਰੁਪਏ ਵਿਚ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਕਮਿੰਸ ਦੀ ਅਗਵਾਈ ਵਿੱਚ ਹੀ ਆਸਟ੍ਰੇਲੀਆ ਨੇ ਭਾਰਤ ਨੂੰ ਉਸਦੀ ਧਰਤੀ ‘ਤੇ ਹੀ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਹੈ। ਤੀਜੇ ਨੰਬਰ ‘ਤੇ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਦਾ ਨਾਮ ਹੈ, ਜੋ ਕਿ ਇੱਕ ਬਹੁਤ ਹੀ ਸ਼ਾਨਦਾਰ ਆਲਰਾਊਂਡਰ ਹੈ ਅਤੇ ਵਿਸ਼ਵ ਕੱਪ ‘ਚ ਕਈ ਮੈਚਾਂ ‘ਚ ਆਪਣਾ ਜਲਵਾ ਦਿਖਾ ਚੁੱਕੇ ਹਨ। ਮਿਸ਼ੇਲ ਨੂੰ ਚੇਨਈ ਸੁਪਰਕਿੰਗਜ਼ ਨੇ 14 ਕਰੋੜ ਰੁਪਏ ਦੀ ਬੋਲੀ ਲਾ ਕੇ ਆਪਣੇ ਨਾਲ ਜੋੜਿਆ।
ਚੌਥੇ ਨੰਬਰ ‘ਤੇ ਭਾਰਤੀ ਖਿਡਾਰੀ ਹਰਸ਼ਲ ਪਟੇਲ ਹਨ, ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ‘ਚ ਖਰੀਦਿਆ ਹੈ। ਉਨ੍ਹਾਂ ਤੋਂ ਪਿੱਛੇ 5ਵੇਂ ਨੰਬਰ ‘ਤੇ ਵੈਸਟ ਇੰਡੀਜ਼ ਦਾ ਖਿਡਾਰੀ ਤੇਜ਼ ਗੇਂਦਬਾਜ ਅਲਜ਼ਾਰੀ ਜੋਸੇਫ ਹੈ, ਜਿਸ ਨੂੰ ਆਰ.ਸੀ.ਬੀ. ਨੇ 11.50 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ।
6ਵੇਂ ਨੰਬਰ ‘ਤੇ ਇੱਕ ਵਾਰ ਫਿਰ ਆਸਟ੍ਰੇਲੀਆ ਦਾ ਖਿਡਾਰੀ ਸਪੈਂਸਰ ਜਾਨਸਨ ਦਾ ਨਾਮ ਹੈ, ਜਿਸ ਨੂੰ ਗੁਜਰਾਤ ਟਾਈਟਨਜ਼ ਨੇ 10 ਕਰੋੜ ਰੁਪਏ ਦੀ ਬੋਲੀ ਨਾਲ ਖਰੀਦਿਆ। ਉਸ ਤੋਂ ਬਾਅਦ 7ਵੇਂ ਨੰਬਰ ‘ਤੇ ਭਾਰਤੀ ਅਨਕੈਪਡ ਖਿਡਾਰੀ ਸਮੀਰ ਰਿਜ਼ਵੀ ਹੈ, ਜਿਸ ਨੂੰ ਚੇਨਈ ਸੁਪਰ ਕਿੰਗਜ਼ ਨੇ 8.4 ਕਰੋੜ ਰੁਪਏ ‘ਚ ਖਰੀਦਿਆ, ਜਦਕਿ 8ਵੇਂ ਤੇ 9ਵੇਂ ਨੰਬਰ ‘ਤੇ ਕ੍ਰਮਵਾਰ ਵੈਸਟਇੰਡੀਜ਼ ਤੇ ਭਾਰਤ ਦੇ ਖਿਡਾਰੀ ਰੋਵਮੈਨ ਪਾਵੇਲ ਤੇ ਸ਼ਾਹਰੁਖ ਖਾਨ ਹਨ, ਜਿਨ੍ਹਾਂ ਨੂੰ ਰਾਜਸਥਾਨ ਰਾਇਲ ਤੇ ਗੁਜਰਾਤ ਟਾਈਟਨਸ ਨੇ 7.40 ਕਰੋੜ (ਬਰਾਬਰ ਰਕਮ) ਰੁਪਏ ‘ਚ ਖਰੀਦਿਆ ਹੈ।
ਇਸ ਤੋਂ ਇਲਾਵਾ 10ਵੇਂ ‘ਤੇ ਵੀ ਅਨਕੈਪਡ ਖਿਡਾਰੀ ਕੁਮਾਰ ਕੁਸ਼ਾਗਰ ਹੈ। ਇਸ ਵਿਕਟਕੀਪਰ ਬੱਲੇਬਾਜ਼ ਖਿਡਾਰੀ ਨੂੰ ਦਿੱਲੀ ਕੈਪੀਟਲ ਨੇ 7.2 ਕਰੋੜ ਰੁਪਏ ‘ਚ ਖਰੀਦਿਆ ਹੈ। ਇਨ੍ਹਾਂ 10 ਖਿਡਾਰੀਆਂ ‘ਤੇ ਟੀਮਾਂ ਨੇ ਭਾਵੇਂ ਕਿ ਦੱਬ ਕੇ ਪੈਸਾ ਵਹਾਇਆ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਇਹ ਖਿਡਾਰੀ ਆਪਣੀ-ਆਪਣੀ ਟੀਮ ਲਈ ਕਿੰਨੇ ਲਾਹੇਵੰਦ ਸਾਬਤ ਹੋਣਗੇ।