ਪੈਰਿਸ, 25 ਦਸੰਬਰ (ਪੰਜਾਬ ਮੇਲ)- ਫਰਾਂਸ ਦੇ ਅਧਿਕਾਰੀਆਂ ਵੱਲੋਂ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਪੈਰਿਸ ਨੇੜੇ ਹਵਾਈ ਅੱਡੇ ‘ਤੇ ਰੋਕਿਆ ਜਹਾਜ਼ ਮੰਗਲਵਾਰ ਤੜਕੇ ਮੁੰਬਈ ਹਵਾਈ ਅੱਡੇ ‘ਤੇ ਉਤਰੇਗਾ। ਸਥਾਨਕ ਮੀਡੀਆ ਦੀ ਖਬਰ ‘ਚ ਇਹ ਗੱਲ ਕਹੀ ਗਈ ਹੈ। ਜਹਾਜ਼ ਨੂੰ ਜਦੋਂ ਰੋਕਿਆ ਗਿਆ, ਤਾਂ ਇਸ ਵਿਚ 303 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਸਨ, ਜਿਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਸੰਯੁਕਤ ਅਰਬ ਅਮੀਰਾਤ ਦੇ ਦੁਬਈ ਤੋਂ 303 ਯਾਤਰੀਆਂ ਨੂੰ ਲੈ ਕੇ ਨਿਕਾਰਾਗੁਆ ਜਾਣ ਵਾਲੀ ਫਲਾਈਟ ਨੂੰ ਵੀਰਵਾਰ ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿਚ ਵੈਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਰੋਕਿਆ ਗਿਆ। ਐਤਵਾਰ ਨੂੰ ਫਰਾਂਸੀਸੀ ਅਧਿਕਾਰੀਆਂ ਨੇ ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਦੁਆਰਾ ਸੰਚਾਲਿਤ ਏ 340 ਜਹਾਜ਼ ਨੂੰ ਆਪਣੀ ਯਾਤਰਾ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਜਹਾਜ਼ ਵਿਚ 200 ਤੋਂ 250 ਯਾਤਰੀ ਹੋਣਗੇ ਤੇ ਮੁੰਬਈ ਪੁੱਜਣਗੇ। ਚੈਨਲ ਨੇ ਕਿਹਾ ਕਿ ਸਾਰੇ ਯਾਤਰੀ ਜੋ ਪੁਲਿਸ ਹਿਰਾਸਤ ਵਿਚ ਨਹੀਂ ਹਨ ਅਤੇ ਸ਼ਰਨ ਲਈ ਅਰਜ਼ੀ ਨਹੀਂ ਦਿੱਤੀ ਹੈ, ਦੇ ਭਾਰਤ ਲਈ ਰਵਾਨਾ ਹੋਣ ਦੀ ਉਮੀਦ ਹੈ। ਕੁਝ ਰਿਪੋਰਟਾਂ ਅਨੁਸਾਰ ਚਾਰ ਦਰਜਨ ਦੇ ਕਰੀਬ ਯਾਤਰੀਆਂ ਨੇ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਹਨ।