#PUNJAB

HMPV ਵਾਇਰਸ ਨਾਲ ਜੁੜੀ ਵੱਡੀ Update, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ

ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਹਿਊਮਨ ਮੈਟਾਨਿਊਮੋ ਵਾਇਰਸ (ਐੱਚ. ਐੱਮ. ਪੀ. ਵੀ.) ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਤਿਆਰੀਆਂ ਪੁਖ਼ਤਾ ਕਰ ਲਈਆਂ ਹਨ। ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਮੁਤਾਬਕ ਕੁੱਝ ਦਿਨਾਂ ਤੋਂ ਲੋਕਾਂ ’ਚ ਚਿੰਤਾ ਦਿਸ ਰਹੀ ਹੈ, ਪਰ ਘਬਰਾਉਣ ਜਾਂ ਡਰ ਵਾਲੀ ਕੋਈ ਗੱਲ ਨਹੀਂ ਹੈ। ਸਿਹਤ ਮੰਤਰਾਲੇ ਨਾਲ ਮੀਟਿੰਗ ਕੀਤੀ ਗਈ ਹੈ। ਸਾਵਧਾਨੀ ਵੱਜੋਂ ਦਵਾਈਆਂ, ਆਕਸੀਜਨ ਬੈੱਡ, ਵਾਰਡਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਇਹ ਸਭ ਕੁੱਝ ਇਹਤਿਆਤ ਵਜੋਂ ਕੀਤਾ ਗਿਆ ਹੈ। ਕੁੱਝ ਬੱਚੇ ਵਾਇਰਸ ਦੀ ਲਪੇਟ ’ਚ ਆਏ ਹਨ। ਪੀਡਿਆਟ੍ਰਿਕ ਸੈਂਟਰ ’ਚ ਇਕ ਵਾਰਡ ਆਈਸੋਲੇਸ਼ਨ ਲਈ ਰੱਖਿਆ ਹੋਇਆ ਹੈ। ਸਰਦੀਆਂ ’ਚ ਐਲਰਜੀ, ਵਾਇਰਲ ਤੇ ਬੁਖ਼ਾਰ ਦੇ ਮਾਮਲੇ ਵੱਧ ਜਾਂਦੇ ਹਨ ਤੇ ਇਹੀ ਲੱਛਣ ਵਾਇਰਸ ਦੇ ਵੀ ਹਨ। ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਖ਼ੁਦ ਨੂੰ ਅਲੱਗ ਰੱਖੋ। ਸਮੱਸਿਆ ਗੰਭੀਰ ਹੋਣ ’ਤੇ ਡਾਕਟਰ ਦੀ ਸਲਾਹ ਲਓ। ਜਿੱਥੋਂ ਤੱਕ ਟੈਸਟਿੰਗ ਦਾ ਸਵਾਲ ਹੈ ਤਾਂ ਇਹ ਕੋਵਿਡ ਵਰਗੀ ਹੈ।