#PUNJAB

High Court ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੇ ਦਰਜਨਾਂ ਆਗੂਆਂ ਖਿਲਾਫ ਦਰਜ ਕੇਸ ਰੱਦ

ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਕੁਝ ਨੇਤਾਵਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ਼ ਦਰਜ ਕੇਸ ਰੱਦ ਕਰ ਦਿੱਤੇ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੋਰੋਨਾ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਈ ਕੋਰਟ ਦੇ ਇਸ ਹੁਕਮ ਨਾਲ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੱਡੀ ਰਾਹਤ ਮਿਲੀ ਹੈ। ਜਿਨ੍ਹਾਂ ਸ਼ਖ਼ਸੀਅਤਾਂ ਦੇ ਕੇਸ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮਾਲਵਿੰਦਰ ਸਿੰਘ ਕੰਗ, ਅਰੁਣ ਨਾਰੰਗ, ਵਿਜੇ ਸਾਂਪਲਾ, ਅਸ਼ਵਨੀ ਸ਼ਰਮਾ, ਤਰੁਣ ਚੁੱਘ, ਮਨੋਰੰਜਨ ਕਾਲੀਆ, ਜੀਵਨ ਗੁਪਤਾ, ਬਲਦੇਵ ਚਾਵਲਾ, ਸੁਭਾਸ਼ ਸ਼ਰਮਾ, ਤੀਕਸ਼ਣ ਸੂਦ, ਮਾਸਟਰ ਮੋਹਨ ਲਾਲ, ਸੁਰਜੀਤ ਕੁਮਾਰ ਜਿਆਣੀ ਅਤੇ ਕੇ.ਡੀ. ਭੰਡਾਰੀ ਸ਼ਾਮਲ ਸਨ।
ਇਨ੍ਹਾਂ ਸਾਰਿਆਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਆਪਣੇ ਖਿਲਾਫ ਦਰਜ ਐੱਫ.ਆਈ.ਆਰ. ਰੱਦ ਕਰਨ ਦੀ ਹਾਈਕੋਰਟ ਨੂੰ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਇਕ ਹੋਰ ਮਾਮਲੇ ਵਿਚ ਹਾਈ ਕੋਰਟ ਨੇ ਸ਼ਖ਼ਸੀਅਤਾਂ ਵਿਰੁੱਧ ਚੱਲ ਰਹੇ ਕੇਸਾਂ ਦੇ ਜਲਦੀ ਨਿਪਟਾਰੇ ਕਰਨ ਦਾ ਨੋਟਿਸ ਲਿਆ ਸੀ, ਜਿਸ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੋਵਿਡ ਨਿਯਮਾਂ ਨੂੰ ਤੋੜਨ ਲਈ ਦਰਜ ਐੱਫ.ਆਈ.ਆਰ. ਦੀ ਜਾਣਕਾਰੀ ਮੰਗੀ ਗਈ ਹੈ। ਹਾਈ ਕੋਰਟ ਨੂੰ ਕਿਹਾ ਗਿਆ ਸੀ ਕਿ ਹੁਣ ਅਜਿਹੇ ਕੇਸਾਂ ਦਾ ਨਿਪਟਾਰਾ ਕਰਨਾ ਜ਼ਰੂਰੀ ਹੈ, ਹੁਣ ਇਨ੍ਹਾਂ ਕੇਸਾਂ ਦੀ ਕੋਈ ਲੋੜ ਨਹੀਂ, ਇਹ ਕੇਸ ਅਦਾਲਤਾਂ ‘ਤੇ ਹੀ ਬੋਝ ਵਧਾ ਰਹੇ ਹਨ।