#AMERICA

H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ-ਬੱਚਿਆਂ ਨੂੰ ਅਮਰੀਕਾ ‘ਚ ਕੰਮ ਕਰਨ ਦੀ ਮਿਲੇਗੀ ਇਜਾਜ਼ਤ

-ਸਕਿਓਰਿਟੀ ਐਗਰੀਮੈਂਟ ਨਾਂ ਦੇ ਇਸ ਪ੍ਰਸਤਾਵ ਨੂੰ 1 ਲੱਖ ਲੋਕਾਂ ਨੂੰ ਮਿਲੇਗਾ ਲਾਭ
ਨਿਊਯਾਰਕ, 7 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਐੱਚ-1ਬੀ ਵੀਜ਼ਾ ਲਈ ਅਮਰੀਕੀ ਸੈਨੇਟ ਦੀ ਯੋਜਨਾ ਦੇ ਅਨੁਸਾਰ ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਲਈ ਇਕ ਖੁਸ਼ਖਬਰੀ ਹੈ। ਹਾਲੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿਚ ਰਹਿ ਰਹੇ ਭਾਰਤੀ ਆਪਣੇ ਬੱਚਿਆਂ ਅਤੇ ਜੀਵਨ ਸਾਥੀ ਨਾਲ ਅਮਰੀਕਾ ‘ਚ ਕੰਮ ਕਰ ਸਕਣਗੇ। ਜਿਸ ਲਈ ਰਾਸ਼ਟਰਪਤੀ ਜੋਅ ਬਾਇਡਨ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਲੰਬੀ ਚਰਚਾ ਤੋਂ ਬਾਅਦ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਮਰੀਕੀ ਸੈਨੇਟ ‘ਚ ਰਿਪਬਲਿਕਨ ਅਤੇ ਡੈਮੋਕਰੇਟਸ ਵਿਚਾਲੇ ਲੰਬੀ ਚਰਚਾ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਮਝੌਤਾ ਨਾਂ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਦੇ ਮੁਤਾਬਕ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਦੇ ਰੁਜ਼ਗਾਰ ਅਧਿਕਾਰਾਂ ਅਤੇ ਅਮਰੀਕਾ ‘ਚ ਉਨ੍ਹਾਂ ਦੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਿਵਸਥਾ ਕੀਤੀ ਗਈ ਹੈ। ਜੇਕਰ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਸ ਨਾਲ ਲਗਭਗ 1 ਲੱਖ ਐੱਚ-4 ਵੀਜ਼ਾ ਧਾਰਕਾਂ ਨੂੰ ਫਾਇਦਾ ਹੋਵੇਗਾ, ਜੋ ਅਮਰੀਕਾ ‘ਚ ਕੰਮ ਕਰਨ ਦੇ ਯੋਗ ਹੋਣਗੇ।
ਜ਼ਿਕਰਯੋਗ ਹੈ ਕਿ ਐੱਚ-4 ਵੀਜ਼ਾ ਸਿਰਫ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਜਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭਾਰਤੀਆਂ ਨੂੰ ਵੀ ਕਾਫੀ ਫਾਇਦਾ ਹੋਵੇਗਾ। ਰਾਸ਼ਟਰੀ ਸੁਰੱਖਿਆ ਸਮਝੌਤੇ ਤਹਿਤ 118.28 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਬਿੱਲ ਐਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ, ਇਸ ਵਰਗ ਦੇ ਲੋਕਾਂ ਨੂੰ ਰੁਜ਼ਗਾਰ ਦੇ ਅਧਿਕਾਰ ਪ੍ਰਦਾਨ ਕਰਨ ਅਤੇ ਗ੍ਰੀਨ ਕਾਰਡ ਕੋਟਾ ਵਧਾਉਣ ਦੀ ਮੰਗ ਕਰਦਾ ਹੈ। ਇਸ ਬਿੱਲ ਦੇ ਤਹਿਤ ਅਗਲੇ ਪੰਜ ਸਾਲਾਂ ਤੱਕ ਹਰ ਸਾਲ 18,000 ਲੋਕਾਂ ਨੂੰ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਮਿਲਣਗੇ। ਜੋ ਪਹਿਲੀ ਵਾਰ ਇਮੀਗ੍ਰੈਂਟ ਵੀਜ਼ਾ ਸੀਮਾ ਵਧਾਈ ਗਈ ਹੈ। ਵ੍ਹਾਈਟ ਹਾਊਸ ਦੇ ਇਕ ਬਿਆਨ ਮੁਤਾਬਕ, 30 ਸਾਲਾਂ ‘ਚ ਪਹਿਲੀ ਵਾਰ ਪ੍ਰਵਾਸੀ ਵੀਜ਼ਾ ਸੀਮਾ ਵਧਾਈ ਗਈ ਹੈ। ਹੁਣ ਤੋਂ ਹਰ ਸਾਲ 50 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਣਗੇ, ਜਿਸ ਨਾਲ ਅਗਲੇ ਪੰਜ ਸਾਲਾਂ ਵਿਚ 2.50 ਲੱਖ ਵੀਜ਼ੇ ਜਾਰੀ ਕੀਤੇ ਜਾਣਗੇ। ਇਨ੍ਹਾਂ ਵਿਚੋਂ 1.60 ਲੱਖ ਵੀਜ਼ੇ ਪਰਿਵਾਰ ਆਧਾਰਿਤ ਅਤੇ 90 ਹਜ਼ਾਰ ਰੁਜ਼ਗਾਰ ਆਧਾਰਿਤ ਹੋਣਗੇ।