ਕੈਲੀਫੋਰਨੀਆ, 2 ਮਈ (ਪੰਜਾਬ ਮੇਲ)- ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਕਾਫੀ ਚੱਲ ਰਹੀ ਸੀ ਜਿਸ ‘ਤੇ ਅਮਰੀਕੀ ਪੁਲਿਸ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ। ਫ੍ਰੇਜ਼ਨੋ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ ਨੇ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਉਹ ਗੋਲਡੀ ਬਰਾੜ ਹੈ ਜਾਂ ਨਹੀਂ। ਫਿਰ ਦੇਰ ਰਾਤ ਕੈਲੀਫੋਰਨੀਆ ਦੀ ਫ੍ਰੇਜ਼ਨੋ ਪੁਲਿਸ ਨੇ ਇਸ ਖ਼ਬਰ ਦਾ ਖੰਡਨ ਕੀਤਾ। ਈ-ਮੇਲ ਰਾਹੀਂ ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਜਾਣਕਾਰੀ ਦਿੱਤੀ ਹੈ ਕਿ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਫੇਅਰਮੋਂਟ ਹੋਟਲ ਦੇ ਬਾਹਰ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਅਮਰੀਕੀ ਖੁਫੀਆ ਏਜੰਸੀ FBI ਨੇ ਇਸ ਗੋਲੀਬਾਰੀ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾੜ ਨਹੀਂ ਹੈ।
ਗੋਲਡੀ ਬਰਾੜ ਕੈਨੇਡਾ ਦਾ ਇੱਕ ਵੱਡਾ ਅਪਰਾਧੀ ਸੀ ਜਿਹੜਾ ਟਾਰਗੇਟ ਕਿਲਿੰਗ, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। 2017 ‘ਚ ਉਹ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਪਰ ਉੱਥੇ ਉਹ ਜੁਰਮ ਦੀ ਦੁਨੀਆਂ ਦਾ ਬਾਦਸ਼ਾਹ ਬਣ ਗਿਆ ਸੀ।
ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦਾ ਪੁੱਤਰ ਹੈ। 1994 ਵਿੱਚ ਮੁਕਤਸਰ ਸਾਹਿਬ ਵਿੱਚ ਜੰਮੇ ਗੋਲਡੀ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ। ਬਰਾੜ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਕਰੀਬ 13 ਮਾਮਲੇ ਦਰਜ ਹਨ। ਉਸ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ।