#AMERICA

Gas Station ‘ਤੇ ਪੈਸਿਆਂ ਲਈ ਰਚੀ ਲੁੱਟ ਦਾ ਪਰਦਾਫਾਸ

ਨਿਊਯਾਰਕ, 13 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਡੁਲਥ ਪੁਲਿਸ ਵਿਭਾਗ ਨੇ ਪਿਛਲੇ 21 ਜਨਵਰੀ ਨੂੰ ਅਮਰੀਕਾ ਦੇ ਅਟਲਾਂਟਾ ਵਿਚ ਬੁਫੋਰਡ ਹਾਈਵੇਅ ‘ਤੇ ਸਥਿਤ ਇੱਕ ਗੈਸ ਸਟੇਸ਼ਨ ‘ਤੇ ਹਥਿਆਰਬੰਦ ਡਕੈਤੀ ਦਾ ਪਰਦਾਫਾਸ਼ ਕੀਤਾ। ਇਸ ਗੈਸ ਸਟੇਸ਼ਨ ਦੇ ਮੈਨੇਜਰ ਅਤੇ ਕੈਸ਼ੀਅਰ ਭਾਰਤੀ ਗੁਜਰਾਤ ਨਾਲ ਸੰਬੰਧਤ ਰਾਜ ਪਟੇਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਾਲੇ ਕੱਪੜਿਆਂ ਵਿਚ ਆਇਆ ਇੱਕ ਅਣਪਛਾਤੇ ਵਿਅਕਤੀ ਨੇ ਉਸ ‘ਤੇ ਹਮਲਾ ਕਰਕੇ ਗੈਸ ਸਟੇਸ਼ਨ ਤੋਂ 5000 ਹਜ਼ਾਰ ਡਾਲਰ ਚੋਰੀ ਕਰ ਲੈ ਗਿਆ ਹੈ। ਇਹ ਘਟਨਾ ਨੇ ਉਸ ਸਮੇਂ ਧਿਆਨ ਖਿੱਚਿਆ, ਜਦੋਂ ਗੈਸ ਸਟੇਸ਼ਨ ਤੇ ਲੱਗੇ ਸੁਰੱਖਿਆ ਕੈਮਰੇ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ‘ਚ ਰਾਜ ਪਟੇਲ ਨੂੰ ਅਣਪਛਾਤੇ ਵਿਅਕਤੀ ਵੱਲੋਂ ਟੱਕਰ ਮਾਰਨ ਤੋਂ ਬਾਅਦ ਤੁਰੰਤ ਹੇਠਾਂ ਡਿੱਗਦੇ ਹੋਏ ਦੇਖਿਆ ਗਿਆ। ਰਾਜ ਪਟੇਲ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਰਟਿਸ ਨਾਮੀਂ ਇਕ ਵਿਅਕਤੀ ਤੋਂ ਪੁੱਛਗਿੱਛ ਕੀਤੀ, ਜੋ ਉਸ ਦੇ ਨਾਲ ਉਸੇ ਹੀ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ, ਜਿਸ ਵਿਚ ਉਨ੍ਹਾਂ ਨੇ ਪੈਸਿਆਂ ਲਈ ਸਾਜ਼ਿਸ਼ ਰਚੀ ਸੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਡਕੈਤੀ ਸਬੰਧੀ ਪਟੇਲ ਦੇ ਬਿਆਨ ਨੇ ਪੁਲਿਸ ਲਈ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਸਨ।
ਰਾਜ ਪਟੇਲ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਹੈ। ਹਾਲਾਂਕਿ ਪੁਲਿਸ ਨੂੰ ਰਾਜ ਪਟੇਲ ਦੇ ਚਿਹਰੇ ‘ਤੇ ਕੋਈ ਨਿਸ਼ਾਨ ਵੀ ਨਹੀਂ ਮਿਲਿਆ। ਸੁਰੱਖਿਆ ਫੁਟੇਜ ਵਿਚ, ਕਰਟਿਸ ਰਾਜ ਪਟੇਲ ਨੇ ਪੁਲਿਸ ਨੂੰ ਦੱਸਿਆ ਕਿ ਉਸ ‘ਤੇ ਹਮਲਾ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਫਰਾਰ ਹੋਣ ਲਈ ਗੈਸ ਸਟੇਸ਼ਨ ਦੇ ਇਕ ਹੋਰ ਦਰਵਾਜ਼ੇ ਦੀ ਵਰਤੋਂ ਕੀਤੀ। ਇਸ ਲਈ ਅਧਿਕਾਰੀ ਨੇ ਉਸੇ ਦਰਵਾਜ਼ੇ ਤੋਂ ਬਾਹਰ ਜਾ ਕੇ ਉਥੇ ਜਾਂਚ ਕੀਤੀ। ਪਟੇਲ ਨੇ ਪੁਲਿਸ ਨੂੰ ਦੱਸਿਆ ਕਿ ਕਰਟਿਸ ਉਸ ਕਮਰੇ ‘ਚ ਕੰਮ ਕਰਦਾ ਸੀ। ਪਰ ਕਰਟਿਸ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਹਮਲੇ ਦੇ ਸਮੇਂ ਕਿਸੇ ਨੂੰ ਵੀ ਨਹੀਂ ਦੇਖਿਆ। ਵੀਡੀਓ ਫੁਟੇਜ ਵਿਚ ਅਣਪਛਾਤਾ ਵਿਅਕਤੀ ਇੱਕ ਪਾਸੇ ਦੇ ਦਰਵਾਜ਼ੇ ਤੋਂ ਬਾਹਰ ਨਿਕਲਦਾ ਅਤੇ ਉੱਥੇ ਇੱਕ ਡੰਪਟਰ ਦੇ ਕੋਲ ਦੋ ਵਾਰ ਕੱਪੜੇ ਬਦਲਦਾ ਦਿਖਾਈ ਦਿੰਦਾ ਹੈ। ਪੁਲਿਸ ਨੇ ਕਰਟਿਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਕਮਰੇ ਦੀ ਚਾਬੀ ਮੰਗੀ। ਜਿਵੇਂ ਹੀ ਉਸਨੇ ਚਾਬੀ ਕੱਢੀ, ਪੁਲਿਸ ਨੇ ਉਸ ਦੀ ਜੇਬ ਵਿਚੋਂ ਡਾਲਰ ਡਿੱਗਦੇ ਹੋਏ ਦੇਖੇ। ਪਟੇਲ ਨੇ ਪੁਲਿਸ ਨੂੰ ਦੱਸਿਆ ਕਿ ਕਰਟਿਸ ਨਾਮੀਂ ਵਿਅਕਤੀ  ਗੈਸ ਸਟੇਸ਼ਨ ਦਾ ਕਰਮਚਾਰੀ ਸੀ ਅਤੇ ਉਸ ਨੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਪੁੱਛਗਿੱਛ ਦੌਰਾਨ ਕਰਟਿਸ ਨੇ ਨਕਦੀ ਚੋਰੀ ਕਰਨ ਦੀ ਗੱਲ ਕਬੂਲੀ ਹੈ। ਪਰ ਕਰਟਿਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਭ ਕੁਝ ਗੈਸ ਸਟੇਸ਼ਨ ਦੇ ਮੈਨੇਜਰ ਰਾਜ ਪਟੇਲ ਦੀ ਹੀ ਯੋਜਨਾ ਸੀ ਅਤੇ ਜੇ ਉਹ ਚੋਰੀ ਕੀਤੀ ਨਕਦੀ ਲੈ ਲੈਂਦਾ ਹੈ, ਤਾਂ ਉਸ ਨੇ ਰਾਜ ਪਟੇਲ ਦੇ ਗੈਸ ਸਟੇਸ਼ਨ ਦੇ ਹੋਏ ਬੀਮੇ ਦੇ ਪੈਸੇ ਲੈਣ ਦੀ ਉਸ ਨੇ ਮਿਲ ਕੇ ਯੋਜਨਾ ਬਣਾਈ ਸੀ।