ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੀਤੀ ਕਾਰਵਾਈ
ਚੰਡੀਗੜ੍ਹ, 5 ਫਰਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਕੇਂਦਰੀ ਏਜੰਸੀਆਂ ਤੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਤੇ ਕਮਲਪ੍ਰੀਤ ਸਿੰਘ ਵਾਸੀ ਬਨੂੜ ਅਤੇ ਪ੍ਰੇਮ ਸਿੰਘ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਇਹ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ ਹੈ। ਡੀ.ਜੀ.ਪੀ. ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਪੰਜਾਬ ਵਿਚ ਇਰਾਦਾ ਕਤਲ, ਜਬਰੀ ਵਸੂਲੀ, ਡਕੈਤੀ ਤੇ ਅਸਲਾ ਐਕਟ ਤਹਿਤ ਕਈ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ 19 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ-5 ਵਿਚ ਸਥਿਤ ਇੱਕ ਵਪਾਰੀ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ। ਸ਼੍ਰੀ ਯਾਦਵ ਨੇ ਦੱਸਿਆ ਕਿ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਨੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਪਤਾ ਲਗਾਇਆ ਕਿ ਉਕਤ ਮੁਲਜ਼ਮ ਬਿਹਾਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਹਨ। ਪੰਜਾਬ ਪੁਲਿਸ ਨੇ ਗੋਰਖਪੁਰ ਪੁਲਿਸ ਦੀ ਮਦਦ ਨਾਲ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਤਿੰਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਮੁੱਢਲੀ ਤਫ਼ਤੀਸ਼ ਅਨੁਸਾਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਤੇ ਕਮਲਪ੍ਰੀਤ ਸਿੰਘ ਨੇ ਸੈਕਟਰ-5 ਚੰਡੀਗੜ੍ਹ ਸਥਿਤ ਰਿਹਾਇਸ਼ੀ ਇਲਾਕੇ ਵਿਚ ਸਥਿਤ ਇਕ ਵਪਾਰੀ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ, ਜਦਕਿ ਤੀਜੇ ਮੁਲਜ਼ਮ ਪ੍ਰੇਮ ਸਿੰਘ ਨੇ ਉਨ੍ਹਾਂ ਨੂੰ ਆਪਣੀ ਵਰਨਾ ਕਾਰ ਵਿਚ ਵਾਰਦਾਤ ਵਾਲੇ ਸਥਾਨ ਤੋਂ ਭਜਾਉਣ ਵਿਚ ਮਦਦ ਕੀਤੀ ਸੀ। ਇਸ ਉਪਰੰਤ ਤਿੰਨੋਂ ਮੁਲਜ਼ਮ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ 27 ਜਨਵਰੀ ਨੂੰ ਬਿਹਾਰ ਭੱਜ ਗਏ। ਇਹ ਤਿੰਨੋਂ ਬਿਹਾਰ ਦੇ ਪਿੰਡ ਛਿਤੌਲੀ ਵਿਚ ਦੱਸੀ ਗਈ ਛੁਪਣਗਾਹ ਵਿਚ ਜਾਣ ਹੋਣ ਤੋਂ ਪਹਿਲਾਂ ਦੋ ਦਿਨ ਗੁਰਦੁਆਰਾ ਪਟਨਾ ਸਾਹਿਬ ਵਿਖੇ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।