#PUNJAB

Gangster ਲਾਰੈਂਸ ਬਿਸ਼ਨੋਈ ਦੀਆਂ Jail ਅੰਦਰੋਂ ਹੋਈਆਂ ਟੀ.ਵੀ. ਇੰਟਰਵਿਊਆਂ ਨੂੰ ਲੈ ਕੇ ਵੱਡਾ ਖੁਲਾਸਾ

ਚੰਡੀਗੜ੍ਹ, 20 ਦਸੰਬਰ (ਪੰਜਾਬ ਮੇਲ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹਾਂ ਅੰਦਰੋਂ ਹੋਈਆਂ ਦੋ ਟੀ.ਵੀ. ਇੰਟਰਵਿਊਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਆਖਿਆ ਹੈ ਕਿ ਗੈਂਗਸਟਰ ਦੀ ਇਕ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਤੋਂ ਲਈ ਗਈ ਸੀ। ਐੱਸ.ਆਈ.ਟੀ. ਦੀ ਰਿਪੋਰਟ 14 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਸੀ, ਜਿਸ ਵਿਚ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਇਹ ‘ਬਹੁਤ ਅਸੰਭਵ’ ਹੈ ਕਿ ਗੈਂਗਸਟਰ ਦੀ ਸੂਬੇ ਦੀ ਜੇਲ੍ਹ ਜਾਂ ਪੁਲਿਸ ਹਿਰਾਸਤ ਵਿਚ ਕਿਸੇ ਨਿੱਜੀ ਚੈਨਲ ਵੱਲੋਂ ਇੰਟਰਵਿਊ ਕੀਤੀ ਗਈ ਹੋਵੇ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਟਾਸਕ ਫੋਰਸ) ਅਤੇ ਏ.ਡੀ.ਜੀ.ਪੀ. (ਜੇਲ੍ਹਾਂ) ਦੀ ਦੋ ਮੈਂਬਰੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਏ.ਡੀ.ਜੀ.ਪੀ. (ਜੇਲ੍ਹਾਂ) ਨੇ 12 ਦਸੰਬਰ ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪੀ ਸੀ। 14 ਦਸੰਬਰ ਨੂੰ ਅਦਾਲਤ ਵਿਚ ਇਕ ਸੀਲਬੰਦ ਰਿਪੋਰਟ ਦਾਖਲ ਕੀਤੀ ਗਈ। ਐੱਸ.ਆਈ.ਟੀ. ਦੀ ਜਾਂਚ ਵਿਚ ਪਤਾ ਲੱਗਾ ਕਿ ਇਹ ਨਿਸ਼ਚਿਤ ਹੈ ਕਿ ਇਕ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿਚ ਕੀਤੀ ਗਈ ਸੀ। ਐੱਸ.ਆਈ.ਟੀ. ਨੇ ਇਹ ਸਿੱਟਾ ਵੀ ਕੱਢਿਆ ਹੈ ਕਿ ਬਠਿੰਡਾ ਕੇਂਦਰੀ ਜੇਲ੍ਹ ਤੋਂ ਇੰਟਰਵਿਊ ਕਰਨਾ ਸੰਭਵ ਨਹੀਂ ਹੈ। ਐੱਸ.ਆਈ.ਟੀ. ਮੁਤਾਬਕ ਲਾਰੈਂਸ ਬਿਸ਼ਨੋਈ ਨੂੰ ਜਿਸ ਵਿਸ਼ੇਸ਼ ਸੈੱਲ ਵਿਚ ਰੱਖਿਆ ਗਿਆ ਹੈ, ਉਥੇ ਜੈਮਰ ਲੱਗੇ ਹੋਏ ਹਨ, ਲਿਹਾਜ਼ਾ ਉਥੇ ਇੰਟਰਵਿਊ ਕਰਨਾ ਸੰਭਵ ਨਹੀਂ ਹੈ।
ਐੱਸ.ਆਈ.ਟੀ. ਮੁਤਾਬਕ ਇਹ ਸੰਭਵ ਨਹੀਂ ਹੈ ਕਿ ਜਦੋਂ ਗੈਂਗਸਟਰ ਪੰਜਾਬ ਦੀ ਜੇਲ੍ਹ ਵਿਚ ਸੀ ਜਾਂ ਪੁਲਿਸ ਹਿਰਾਸਤ ਵਿਚ ਉਸ ਦਾ ਇੰਟਰਵਿਊ ਕੀਤਾ ਗਿਆ ਹੋਵੇ। ਲਾਰੈਂਸ ਬਿਸ਼ਨੋਈ ਦੀ 14 ਅਤੇ 17 ਮਾਰਚ ਨੂੰ ਦੋ ਇੰਟਰਵਿਊ ਹੋਈਆਂ ਸਨ। ਏ.ਡੀ.ਜੀ.ਪੀ. (ਜੇਲ੍ਹਾਂ) ਅਰੁਣਪਾਲ ਸਿੰਘ 14 ਦਸੰਬਰ ਨੂੰ ਹਾਈ ਕੋਰਟ ਵਿਚ ਪੇਸ਼ ਹੋਏ ਅਤੇ ਅਦਾਲਤ ਨੂੰ ਦੱਸਿਆ ਕਿ ਬਿਸ਼ਨੋਈ ਨੂੰ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਲਿਜਾਇਆ ਗਿਆ ਹੈ ਕਿਉਂਕਿ ਉਹ ਦੋਵਾਂ ਸੂਬਿਆਂ ਤੋਂ ਬਾਹਰ ਦਰਜ ਕੇਸਾਂ ਵਿਚ ਵੀ ਲੋੜੀਂਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇੰਟਰਵਿਊ ਨੂੰ ਹਟਾਉਣ ਲਈ ਯਤਨ ਕੀਤੇ ਗਏ ਹਨ, ਤਾਂ ਜੋ ਇਹ ਲੋਕਾਂ ਦੇ ਦੇਖਣ ਲਈ ਉਪਲੱਬਧ ਨਾ ਹੋਵੇ।
ਸੂਬਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇੰਟਰਵਿਊ ਕਿੱਥੋਂ ਲਿਆ ਗਿਆ ਸੀ, ਇਸ ਦੀ ਜਾਂਚ ਲਈ ਐੱਫ.ਆਈ.ਆਰ. ਦਰਜ ਕਰਨ ਦੀ ਸਿਫਾਰਸ਼ ਪੰਜਾਬ ਸਰਕਾਰ ਦੇ ਮਨਸ਼ਾ ਨੂੰ ਦਰਸਾਉਂਦੀ ਹੈ। ਐੱਸ.ਆਈ.ਟੀ. ਪੰਜਾਬ ਤੋਂ ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਸੰਮਨ ਨਹੀਂ ਕਰ ਸਕਦੀ ਪਰ ਜਦੋਂ ਕੇਸ ਦਰਜ ਕੀਤਾ ਜਾਵੇਗਾ, ਅਸੀਂ ਪੰਜਾਬ ਤੋਂ ਬਾਹਰੋਂ ਉਨ੍ਹਾਂ ਲੋਕਾਂ ਦੀ ਜਾਂਚ ਕਰ ਸਕਦੇ ਹਾਂ, ਜਿਨ੍ਹਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਹੈ।