#CANADA

G-20 ਵਰਚੁਅਲ ਸੰਮੇਲਨ: ਟਰੂਡੋ ਵੱਲੋਂ ਕੌਮਾਂਤਰੀ ਕਾਨੂੰਨ ਦੇ ਸ਼ਾਸਨ ਦੀ ਬਹਾਲੀ ‘ਤੇ ਜ਼ੋਰ

-ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬਹੁ-ਧਿਰੀ ਵਿਕਾਸ ਬੈਂਕਾਂ ‘ਚ ਸੁਧਾਰ ਲਈ ਕਿਹਾ
ਟੋਰਾਂਟੋ, 24 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਨੂੰਨ ਤੇ ਕੌਮਾਂਤਰੀ ਕਾਨੂੰਨ ਦੇ ਸ਼ਾਸਨ ਨੂੰ ਬਹਾਲ ਰੱਖਣ ਅਤੇ ਜਮਹੂਰੀ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਲਈ ਜੀ-20 ਦੀ ਅਗਵਾਈ ਅਤੇ ਕਾਰਵਾਈ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।
ਉਨ੍ਹਾਂ ਇਹ ਗੱਲਾਂ ਭਾਰਤ ਵੱਲੋਂ ਵਰਚੁਅਲੀ ਕਰਾਏ ਗਏ ਜੀ-20 ਲੀਡਰਜ਼ ਸਿਖਰ ਸੰਮੇਲਨ ਦੌਰਾਨ ਆਪਣੇ ਸੰਬੋਧਨ ‘ਚ ਆਖੀਆਂ। ਗਰਮਖ਼ਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਏਜੰਟਾਂ ਦੀ ‘ਸੰਭਾਵਿਤ’ ਸ਼ਮੂਲੀਅਤ ਦੇ ਟਰੂਡੋ ਵੱਲੋਂ ਦੋਸ਼ ਲਾਏ ਜਾਣ ਮਗਰੋਂ ਕੈਨੇਡਾ ਅਤੇ ਭਾਰਤ ਦੇ ਸਬੰਧਾਂ ‘ਚ ਤਣਾਅ ਪੈਦਾ ਹੋਣ ਦਰਮਿਆਨ ਉਨ੍ਹਾਂ ਸਿਖਰ ਸੰਮੇਲਨ ‘ਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਟਰੂਡੋ ਨੇ ਸਤੰਬਰ ‘ਚ ਨਵੀਂ ਦਿੱਲੀ ‘ਚ ਜੀ-20 ਸਿਖਰ ਸੰਮੇਲਨ ‘ਚ ਵਿਅਕਤੀਗਤ ਤੌਰ ‘ਤੇ ਹਿੱਸਾ ਲਿਆ ਸੀ। ਟਰੂਡੋ ਦੇ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਵਰਚੁਅਲ ਸੰਮੇਲਨ ਜੀ-20 ਦੇ ਆਗੂਆਂ ਲਈ ਸਤੰਬਰ ‘ਚ ਨਵੀਂ ਦਿੱਲੀ ਐਲਾਨਨਾਮੇ ‘ਚ ਜ਼ਿਕਰ ਕੀਤੇ ਗਏ ਨਿਸ਼ਾਨਿਆਂ ‘ਤੇ ਅੱਗੇ ਵਧਣ ਦਾ ਮੌਕਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਸੰਮੇਲਨ ‘ਚ ਕਾਨੂੰਨ ਅਤੇ ਕੌਮਾਂਤਰੀ ਕਾਨੂੰਨ ਦੇ ਸ਼ਾਸਨ ਨੂੰ ਬਣਾਈ ਰੱਖਣ, ਜਮਹੂਰੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਵਿੱਤੀ ਸੰਸਥਾਨ ਸੁਧਾਰ, ਲਿੰਗ ਬਰਾਬਰੀ ਅਤੇ ਡਿਜੀਟਲ ਤਕਨਾਲੋਜੀ ਸਮੇਤ ਆਲਮੀ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਤਾਲਮੇਲ ਬਣਾ ਕੇ ਅੱਗੇ ਵਧਣ ‘ਤੇ ਜ਼ੋਰ ਦਿੱਤਾ। ਦੁਨੀਆਂ ਭਰ ਦੇ ਲੋਕਾਂ ਲਈ ਮਜ਼ਬੂਤ ਅਤੇ ਸਿਹਤਮੰਦ ਭਵਿੱਖ ਲਈ ਉਨ੍ਹਾਂ ਬਹੁ-ਧਿਰੀ ਵਿਕਾਸ ਬੈਂਕਾਂ ‘ਚ ਸੁਧਾਰ ਦੀ ਅਹਿਮੀਅਤ ਦਾ ਵੀ ਜ਼ਿਕਰ ਕੀਤਾ। ਟਰੂਡੋ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੰਗ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਟਰੂਡੋ ਨੇ ਕਿਹਾ ਕਿ ਦੁਨੀਆਂ ਭਰ ‘ਚ ਸਭ ਤੋਂ ਵੱਧ ਕਮਜ਼ੋਰ ਲੋਕ ਜੰਗ ਦੇ ਆਲਮੀ ਅਸਰ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਅੱਤਵਾਦੀ ਜਥੇਬੰਦੀ ਹਮਾਸ ਅਤੇ ਇਜ਼ਰਾਈਲ ਖ਼ਿਲਾਫ਼ ਉਸ ਦੇ ਹਮਲਿਆਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਗਾਜ਼ਾ ‘ਚ ਮਾਨਵੀ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦੇ ਸਮਝੌਤੇ ਬਾਰੇ ਵੀ ਜ਼ਿਕਰ ਕੀਤਾ।