-ਸੂਚੀ ‘ਚ 4 ਭਾਰਤੀ ਸ਼ਾਮਲ, ਨਿਰਮਲਾ ਸੀਤਾਰਮਨ ਨੂੰ ਲਗਾਤਾਰ 5ਵੀਂ ਵਾਰ ਮਿਲੀ ਥਾਂ
ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਮਸ਼ਹੂਰ ਮੈਗਜ਼ੀਨ Forbes ਨੇ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਵਿਚ ਚਾਰ ਭਾਰਤੀ ਮਹਿਲਾਵਾਂ ਨੇ ਵੀ ਜਗ੍ਹਾ ਬਣਾਈ ਹੈ। ਇਸ ਲਿਸਟ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 32ਵੇਂ ਸਥਾਨ ‘ਤੇ ਹਨ। ਸੂਚੀ ਵਿਚ ਤਿੰਨ ਹੋਰ ਭਾਰਤੀ ਮਹਿਲਾਵਾਂ ਐੱਚ.ਸੀ.ਐੱਲ. ਕਾਰਪੋਰੇਸ਼ਨ ਦੀ ਸੀ.ਈ.ਓ. ਰੋਸ਼ਨੀ ਨਾਦਰ ਮਲਹੋਤਰਾ (ਰੈਂਕ 60), ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੰਡਲ (ਰੈਂਕ 70) ਅਤੇ ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ-ਸ਼ਾਅ (ਰੈਂਕ 76) ਵੀ ਸ਼ਾਮਲ ਹਨ।
ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਨਿਰਮਲਾ ਸੀਤਾਰਮਨ ਨੇ ਇਸ ਸੂਚੀ ਵਿਚ ਜਗ੍ਹਾ ਬਣਾਈ ਹੈ। ਉਹ ਪਿਛਲੇ ਸਾਲ ਇਸ ਸੂਚੀ ਵਿਚ 36ਵੇਂ ਸਥਾਨ ‘ਤੇ ਸੀ, ਯਾਨੀ ਇਸ ਵਾਰ ਉਹ 4 ਸਥਾਨ ਉੱਪਰ ਹੈ, ਜਦਕਿ 2021 ਵਿਚ ਉਨ੍ਹਾਂ ਨੂੰ 37ਵਾਂ ਸਥਾਨ ਮਿਲਿਆ ਸੀ। ਫੋਰਬਸ ਦੀ ਤਾਕਤਵਰ ਮਹਿਲਾਵਾਂ ਦੀ ਸਾਲਾਨਾ ਲਿਸਟ ਵਿਚ ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਯੂਰਪੀਅਨ ਸੈਂਟਰਲ ਬੈਂਕ ਦੀ ਬੌਸ ਕ੍ਰਿਸਟੀਨ ਲਗਾਰਡ ਦੂਜੇ ਸਥਾਨ ‘ਤੇ ਅਤੇ ਅਮਰੀਕਾ ਦੇ ਉਪ ਪ੍ਰਧਾਨ ਕਮਲ ਹੈਰਿਸ ਤੀਜੇ ਸਥਾਨ ‘ਤੇ ਹਨ।
ਦੱਸ ਦੇਈਏ ਕਿ ਅਮਰੀਕੀ ਬਿਜ਼ਨੈੱਸ ਮੈਗਜ਼ੀਨ ਹਰ ਸਾਲ ਦੁਨੀਆਂ ਦੀਆਂ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ਜਾਰੀ ਕਰਦੀ ਹੈ। ਫੋਰਬਸ ਅਨੁਸਾਰ ਇਹ ਚਾਰ ਮੁੱਖ ਮਾਪਦੰਡਾਂ ਦੇ ਆਧਾਰ ‘ਤੇ ਰੈਂਕਿੰਗ ਨਿਰਧਾਰਿਤ ਕਰਦਾ ਹੈ: ਪੈਸਾ, ਮੀਡੀਆ, ਪ੍ਰਭਾਵ ਅਤੇ ਪ੍ਰਭਾਵ ਦਾ ਖੇਤਰ। ਰਾਜਨੀਤਿਕ ਨੇਤਾਵਾਂ ਲਈ ਮੈਗਜ਼ੀਨ ਨੇ ਜੀ.ਡੀ.ਪੀ. ਅਤੇ ਆਬਾਦੀ ਨੂੰ ਮਾਪਦੰਡਾਂ ਵਜੋਂ ਲਿਆ ਹੈ, ਜਦਕਿ ਕਾਰਪੋਰੇਟ ਨੇਤਾਵਾਂ ਦੇ ਲਈ ਮਾਲੀਆ, ਮੁਲਾਂਕਣ ਅਤੇ ਕਰਮਚਾਰੀਆਂ ਦੀ ਗਿਣਤੀ ਨੂੰ ਲਿਆ ਗਿਆ ਹੈ।