#AMERICA

Florida ਦੀ ਇੱਕ ਔਰਤ ਵੱਲੋਂ ਇੱਕੋ ਦਿਨ ‘ਚ ਆਪਣੇ ਸਾਬਕਾ ਦੋ ਪਤੀਆਂ ਦੀ ਹੱਤਿਆ; Arrest

ਸੈਕਰਾਮੈਂਟੋ, 24 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਦੀ ਸੂਸਾਨ ਏਰਿਕਾ ਅਵਾਲੋਨ ਨਾਮੀ ਔਰਤ ਦੁਆਰਾ ਇੱਕੋ ਦਿਨ ਵਿਚ ਆਪਣੇ ਦੋ ਸਾਬਕਾ ਪਤੀਆਂ ਦੀ ਹੱਤਿਆ ਕਰ ਦੇਣ ਦੀ ਖਬਰ ਹੈ। ਮੈਨਾਟੀ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਫਿਲਹਾਲ ਉਸ ਵਿਰੁੱਧ ਇੱਕ ਮਾਮਲੇ ਵਿਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਹਨ, ਜਿਨ੍ਹਾਂ ਦੋਸ਼ਾਂ ਵਿਚ ਛੇਤੀ ਵਾਧਾ ਕੀਤੇ ਜਾਣ ਦਾ ਸੰਭਾਵਨਾ ਹੈ। ਮੈਨਾਟੀ ਕਾਊਂਟੀ ਸ਼ੈਰਿਫ ਰਿਕ ਵੈਲਜ ਨੇ ਕਿਹਾ ਹੈ ਕਿ ਇੱਕ ਘਰ ਵਿਚ ਗੋਲੀਬਾਰੀ ਉਪਰੰਤ ਮੌਕੇ ‘ਤੇ ਪੁੱਜੀ ਪੁਲਿਸ ਨੂੰ ਇੱਕ 54 ਸਾਲਾ ਵਿਅਕਤੀ ਜ਼ਖਮੀ ਹਾਲਤ ਵਿਚ ਮਿਲਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਪਰੰਤੂ ਮਰਨ ਤੋਂ ਪਹਿਲਾਂ ਉਸ ਨੇ ਪੁਲਿਸ ਨੂੰ ਦਸਿਆ ਕਿ ਸ਼ੂਟਰ ਸੰਭਾਵੀ ਤੌਰ ‘ਤੇ ਉਸ ਦੀ ਸਾਬਕਾ ਪਤਨੀ ਹੈ। ਜਦੋਂ ਪੁਲਿਸ ਅਫਸਰਾਂ ਨੇ ਅਵਾਲੋਨ ਨੂੰ ਉਸ ਦੇ ਸਾਬਕਾ ਪਤੀ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ ਕਿ ਕਿਹੜੇ ਸਾਬਕਾ ਪਤੀ ਦੀ ਗੱਲ ਕਰ ਰਹੇ ਹੋ। ਇਸ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਉਸ ਦਾ ਇੱਕ ਹੋਰ ਸਾਬਕਾ ਪਤੀ ਹੈ, ਜੋ ਟਾਂਪਾ ਖੇਤਰ ਵਿਚ ਰਹਿੰਦਾ ਹੈ। ਸ਼ੈਰਿਫ ਦਫਤਰ ਨੇ ਟਾਂਪਾ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਤੁਰੰਤ ਹਿਲਜਬਰੌਘ ਕਾਊਂਟੀ ਵਿਚ ਇੱਕ ਘਰ ਵਿਚ ਪੁਲਿਸ ਅਫਸਰ ਭੇਜੇ, ਜਿਥੋਂ ਇਕ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ, ਜਿਸ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਵੈਲਜ ਨੇ ਕਿਹਾ ਹੈ ਕਿ ਜਾਂਚਕਾਰਾਂ ਦਾ ਵਿਸ਼ਵਾਸ ਹੈ ਕਿ ਅਵਾਲੋਨ ਨੇ ਪਹਿਲਾਂ ਹਿਲਜਬਰੌਘ ਵਿਚ ਦੂਸਰੇ ਸਾਬਕਾ ਪਤੀ ਦੀ ਹੱਤਿਆ ਕੀਤੀ ਤੇ ਬਾਅਦ ਵਿਚ ਉਸ ਨੇ ਮੈਨਾਟੀ ਕਾਊਂਟੀ ਵਿਚ ਉਸੇ ਦਿਨ ਆਪਣੇ ਪਹਿਲੇ ਪਤੀ ਦੀ ਹੱਤਿਆ ਕੀਤੀ। ਵੈਲਜ ਨੇ ਕਿਹਾ ਕਿ ਅਵਾਲੋਨ ਵਿਰੁੱਧ ਪਹਿਲਾ ਦਰਜਾ ਹੱਤਿਆਵਾਂ ਦੇ ਦੋਸ਼ ਲਾਏ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਦੋਸ਼ਾਂ ਤਹਿਤ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।