#AMERICA

Florida ‘ਚ ਇੰਜਣ ਫੇਲ ਹੋਣ ਕਾਰਨ ਹਾਈਵੇਅ ‘ਤੇ ਜਾ ਰਹੀ ਕਾਰ ‘ਤੇ ਜਹਾਜ਼ ਡਿੱਗਣ ਕਾਰਨ 2 ਹਲਾਕ

ਫਲੋਰੀਡਾ, 10 ਫਰਵਰੀ (ਪੰਜਾਬ ਮੇਲ)- ਫਲੋਰੀਡਾ ਦੇ ਹਾਈਵੇਅ ‘ਤੇ ਸ਼ੁੱਕਰਵਾਰ ਨੂੰ ਇਕ ਪ੍ਰਾਈਵੇਟ ਜੈੱਟ ਦੇ ਹਾਦਸਾਗ੍ਰਸਤ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ, ”ਬੰਬਾਰਡੀਅਰ ਚੈਲੇਂਜਰ 600 ਬਿਜਨੈੱਸ ਜੈੱਟ ਨੈਪਲਸ ਵਿਚ ਇੰਟਰਸਟੇਟ 75 ਦੇ ਨੇੜੇ ਕਰੈਸ਼ ਹੋ ਗਿਆ ਹੈ, ਜਿਸ ਵਿਚ 5 ਲੋਕ ਸਵਾਰ ਸਨ।” ਫੋਕਸ ਨਿਊਜ਼ ਮੁਤਾਬਕ ਇਹ ਜਹਾਜ਼ ਓਹਾਇਓ ਸਟੇਟ ਯੂਨੀਵਰਸਿਟੀ ਏਅਰਪੋਰਟ ਤੋਂ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਰਵਾਨਾ ਹੋਇਆ ਸੀ।
ਪਾਇਲਟ ਨੇ ਦੁਪਹਿਰ 3 ਵਜੇ ਤੋਂ ਬਾਅਦ ਨੈਪਲਸ ਹਵਾਈ ਅੱਡੇ (ਜਿੱਥੇ ਜੈੱਟ ਜਾ ਰਿਹਾ ਸੀ) ‘ਤੇ ਐਮਰਜੈਂਸੀ ਲੈਂਡਿੰਗ ਦੀ ਬੇਨਤੀ ਕੀਤੀ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਕਿ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋ ਗਏ ਹਨ। ਜਦੋਂ ਪਾਇਲਟ ਨੇ ਕਿਹਾ ਕਿ ਉਹ ਰਨਵੇ ‘ਤੇ ਨਹੀਂ ਪਹੁੰਚ ਸਕੇਗਾ, ਤਾਂ ਏਅਰ ਟ੍ਰੈਫਿਕ ਕੰਟਰੋਲਰ ਨੇ ਤੁਰੰਤ ਲੈਂਡਿੰਗ ਕਰਨ ਲਈ ਮਨਜ਼ੂਰੀ ਦਿੱਤੀ, ਜਿਸ ਮਗਰੋਂ ਜਹਾਜ਼ ਇੰਟਰਸਟੇਟ-75 ‘ਤੇ ਲੈਂਡਿੰਗ ਦੌਰਾਨ ਇਕ ਵਾਹਨ ‘ਤੇ ਡਿੱਗ ਪਿਆ ਅਤੇ ਉਸ ਵਿਚ ਅੱਗ ਲੱਗ ਗਈ।” ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ।