#PUNJAB

Farmer Protest: ਮਰਨ ਵਰਤ ’ਤੇ ਬੈਠੇ ਡੱਲੇਵਾਲ ਦਾ ਵਜ਼ਨ 4 ਕਿਲੋ ਤੇ ਹਰਦੋਝੰਡੇ ਦਾ 8 ਕਿਲੋ ਘਟਿਆ

ਪਾਤੜਾਂ, 30 ਨਵੰਬਰ (ਪੰਜਾਬ ਮੇਲ)- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਡੀਐਮਸੀ ਹਸਪਤਾਲ ਲੁਧਿਆਣਾ ਤੋਂ ਆ ਕੇ ਢਾਬੀ ਗੁਜਰਾਂ/ਖਨੌਰੀ ਬਾਰਡਰ ‘ਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਝੂਠ ਬੋਲ ਰਹੇ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣ ਲਈ  ਚੁੱਕਿਆ ਗਿਆ ਸੀ ਜਦੋਂ ਕਿ ਡੀਐਮਸੀ ਹਸਪਤਾਲ ਵਿੱਚ ਉਨ੍ਹਾਂ ਦਾ ਇੱਕ ਵਾਰ ਵੀ ਚੈੱਕ ਅੱਪ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਮੰਗਲਵਾਰ ਤੜਕਸਾਰ ਜਦੋਂ ਪੁਲੀਸ ਉਨ੍ਹਾਂ ਨੂੰ ਢਾਬੀ ਗੁਜਰਾਂ ਬਾਰਡਰ ‘ਤੇ ਆਰਜ਼ੀ ਤੌਰ ’ਤੇ ਬਣਾਏ ਘਰ ਦੀ ਭੰਨ ਤੋੜ ਕਰ ਕੇ ਜਬਰੀ ਲੈ ਗਈ ਸੀ, ਉਨ੍ਹਾਂ ਉਦੋਂ ਤੋਂ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਦੂਜੇ ਪਾਸੇ ਉਸੇ ਦਿਨ ਡੱਲੇਵਾਲ ਨੂੰ ਪੁਲੀਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਕਿਸਾਨ ਆਗੂਆਂ ਨੇ ਮੀਟਿੰਗ ਕਰ ਕੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੂੰ ਮਰਨ ਵਰਤ ’ਤੇ ਬਿਠਾਉਣ ਦਾ ਫ਼ੈਸਲਾ ਕੀਤਾ ਸੀ। ਜਾਣਕਾਰੀ ਮੁਤਾਬਕ  ਮਰਨ ਵਰਤ ‘ਤੇ ਬੈਠੇ ਦੋਵੇਂ ਆਗੂਆਂ ਦੀ ਜਾਂਚ ਕਰਨ ਮਗਰੋਂ ਡਾਕਟਰਾਂ ਦੀ ਟੀਮ ਨੇ ਦੱਸਿਆ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵਜ਼ਨ 4 ਕਿਲੋ ਅਤੇ ਸੁਖਜੀਤ ਸਿੰਘ ਹਰਦੋਝੰਡੇ ਦਾ ਵਜ਼ਨ 8 ਕਿਲੋ ਦੇ ਕਰੀਬ ਘਟ ਗਿਆ ਹੈ। ਦੋਵੇਂ ਆਗੂ ਕਿਸਾਨ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰੱਖਣ ਲਈ ਡਟੇ ਹੋਏ ਹਨ।