#AMERICA

F.B.I. ਵੱਲੋਂ missing ਭਾਰਤੀ ਵਿਦਿਆਰਥਣ ਦੀ ਸੂਹ ਦੇਣ ਵਾਲੇ ਨੂੰ 10 ਹਜ਼ਾਰ ਡਾਲਰ ਇਨਾਮ ਦੇਣ ਦਾ ਐਲਾਨ

* ਅਪ੍ਰੈਲ 2019 ‘ਚ ਲਾਪਤਾ ਹੋਈ ਸੀ ਮੇਊਸ਼ੀ ਭਗਤ
ਸੈਕਰਾਮੈਂਟੋ, 26 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 4 ਸਾਲ ਤੋਂ ਵਧ ਸਮਾਂ ਪਹਿਲਾਂ ਅਮਰੀਕਾ ਦੇ ਨਿਊਜਰਸੀ ਰਾਜ ਤੋਂ ਲਾਪਤਾ ਹੋਈ 29 ਸਾਲਾ ਭਾਰਤੀ ਵਿਦਿਆਰਥਣ ਮੇਊਸ਼ੀ ਭਗਤ ਦੀ ਅਜੇ ਤੱਕ ਕੋਈ ਉੱਗ-ਸੁੱਗ ਨਹੀਂ ਲੱਗੀ ਹੈ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਉਸ ਦੀ ਸੂਹ ਦੇਣ ਵਾਲੇ ਨੂੰ 10000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਐੱਫ.ਬੀ.ਆਈ. ਦੇ ਸਥਾਨਕ ਦਫਤਰ ਜਾਂ ਨੇੜਲੀ ਅਮਰੀਕਨ ਅੰਬੈਸੀ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕਦਾ ਹੈ। ਮੇਊਸ਼ੀ ਭਗਤ ਨੂੰ ਆਖਰੀ ਵਾਰ 29 ਅਪ੍ਰੈਲ, 2019 ਦੀ ਸ਼ਾਮ ਨੂੰ ਨਿਊਜਰਸੀ ਵਿਚ ਆਪਣੇ ਅਪਾਰਮੈਂਟ ਵਿਚੋਂ ਨਿਕਲਦਿਆਂ ਵੇਖਿਆ ਗਿਆ ਸੀ। ਉਸ ਨੇ ਰੰਗਦਾਰ ਪਜਾਮਾ-ਪੈਂਟ ਤੇ ਕਾਲੀ ਟੀ-ਸ਼ਰਟ ਪਾਈ ਹੋਈ ਸੀ। ਭਗਤ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ 1 ਮਈ, 2019 ਨੂੰ ਲਿਖਵਾਈ ਸੀ। ਉਹ 5 ਫੁੱਟ, 10 ਇੰਚ ਉੱਚੀ ਹੈ ਤੇ ਉਸ ਦੇ ਕਾਲੇ ਵਾਲ ਹਨ।
ਐੱਫ.ਬੀ.ਆਈ. ਨਿਊਯਾਰਕ ਫੀਲਡ ਦਫਤਰ ਤੇ ਜਰਸੀ ਸਿਟੀ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਉਹ ਮੇਊਸ਼ੀ ਭਗਤ ਦੀ ਭਾਲ ਲਈ ਨਿਰੰਤਰ ਆਮ ਲੋਕਾਂ ਤੋਂ ਸਹਾਇਤਾ ਦੀ ਮੰਗ ਕਰਦੇ ਆ ਰਹੇ ਹਨ। ਐੱਫ.ਬੀ.ਆਈ. ਨੇ ਪਿਛਲੇ ਸਾਲ ਜੁਲਾਈ ‘ਚ ਲਾਪਤਾ ਵਿਅਕਤੀਆਂ ਦੀ ਸੂਚੀ ਵਿਚ ਮੇਊਸ਼ੀ ਭਗਤ ਨੂੰ ਸ਼ਾਮਿਲ ਕੀਤਾ ਸੀ। ਜੁਲਾਈ 1994 ‘ਚ ਜਨਮੀ ਭਗਤ 2016 ‘ਚ ਐੱਫ-1 ਵਿਦਿਆਰਥੀ ਵੀਜ਼ੇ ਉਪਰ ਅਮਰੀਕਾ ਆਈ ਸੀ ਤੇ ਉਹ ਯੂਨੀਵਰਸਿਟੀ ਆਫ ਹੈਮਸ਼ਾਇਰ ਵਿਚ ਦਾਖਲ ਹੋਈ ਸੀ।