#AMERICA

F.B.I. ਦੇ ਸਾਬਕਾ ਚੋਟੀ ਦੇ ਅਧਿਕਾਰੀ ਨੂੰ ਵਿਦੇਸ਼ੋਂ ਮਿਲੇ ਸਵਾ ਦੋ ਲੱਖ ਡਾਲਰ ਦੇ ਮਾਮਲੇ ‘ਚ ਹੋਈ 28 ਮਹੀਨੇ ਦੀ ਜੇਲ੍ਹ

ਸੈਕਰਾਮੈਂਟੋ, 20 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐੱਫ.ਬੀ.ਆਈ. ਕਾਊਂਟਰਇੰਟੈਲੀਜੈਂਸ ਦੇ ਇਕ ਸਾਬਕਾ ਚੋਟੀ ਦੇ ਅਧਿਕਾਰੀ ਨੂੰ ਅਲਬਾਨੀਆ ਦੇ ਇਕ ਕਾਰੋਬਾਰੀ ਤੋਂ ਮਿਲੇ 2,25,000 ਡਾਲਰ ਲੁਕਾ ਕੇ ਰੱਖਣ ਦੇ ਮਾਮਲੇ ਵਿਚ ਇਕ ਅਦਾਲਤ ਨੇ 28 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕਾਊਂਟਰ ਇੰਟੈਲੀਜੈਂਸ ਐਂਡ ਨੈਸ਼ਨਲ ਸਕਿਓਰਿਟੀ ਆਪਰੇਸ਼ਨਜ਼ ਦੇ ਸਾਬਕਾ ਇੰਚਾਰਜ ਚਾਰਲਸ ਮੈਕੋਗੋਨੀਗਲ ਨੇ ਐੱਫ.ਬੀ.ਆਈ. ਤੋਂ ਅਲਬਾਨੀਅਨ ਕਾਰੋਬਾਰੀ ਨਾਲ ਆਪਣੇ ਸਬੰਧਾਂ ਨੂੰ ਲੁਕਾ ਕੇ ਰੱਖਿਆ। ਉਹ ਆਪਣੇ ਨਿੱਜੀ ਹਿੱਤਾਂ ਲਈ ਅਲਬਾਨੀਆ ਦੇ ਅਧਿਕਾਰੀਆਂ ਨੂੰ ਮਿਲਿਆ। ਸਜ਼ਾ ਸੁਣਾਉਣ ਤੋਂ ਪਹਿਲਾਂ ਯੂ.ਐੱਸ. ਡਿਸਟ੍ਰਿਕਟ ਜੱਜ ਕੋਲੀਨ ਕੋਲਰ ਕੋਟਲੀ ਦੀ ਅਦਾਲਤ ‘ਚ ਮੈਕੋਗੋਨੀਗਲ ਨੇ ਕਿਹਾ ਕਿ ਮੈਂ ਆਪਣੀ ਬਾਕੀ ਬਚੀ ਜ਼ਿੰਦਗੀ ਦੌਰਾਨ ਖੁਸਿਆ ਭਰੋਸਾ ਮੁੜ ਹਾਸਲ ਕਰਨ ਦਾ ਯਤਨ ਕਰਾਂਗਾ। ਉਸ ਨੇ ਕਿਹਾ ਕਿ ਮੈਂ ਇਹ ਰਕਮ ਸੇਵਾਮੁਕਤੀ ਉਪਰੰਤ ਸਕਿਓਰਿਟੀ ਕੰਸਲਟੈਂਟ ਬਿਜ਼ਨਸ ਸ਼ੁਰੂ ਕਰਨ ਲਈ ਕਰਜ਼ੇ ਦੇ ਰੂਪ ‘ਚ ਲਈ ਸੀ ਪਰੰਤੂ ਇਹ ਰਕਮ ਮੈਂ ਵਾਪਸ ਨਹੀਂ ਕੀਤੀ।