#AMERICA

F.B.I. ਦੇ ਦਫਤਰ ਦੇ ਗੇਟ ਵਿਚ ਕਾਰ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ; ਮਾਮਲਾ ਦਰਜ

ਸੈਕਰਾਮੈਂਟੋ, 4 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਦੇ ਐਟਲਾਂਟਾ ਫੀਲਡ ਦਫਤਰ ਦੇ ਗੇਟ ਵਿਚ ਕਾਰ ਮਾਰ ਕੇ ਅੰਦਰ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀ ਦੋਸ਼ੀ ਦੀ ਪਛਾਣ ਏਰਵਿਨ ਲੀ ਬੋਲਿੰਗ ਵਜੋਂ ਹੋਈ ਹੈ। ਉਸ ਦੀ ਪਛਾਣ ਉਸ ਕੋਲੋਂ ਮਿਲੇ ਪਾਸਪੋਰਟ ਤੋਂ ਹੋਈ ਹੈ। ਡੇਕਾਲਬ ਕਾਊਂਟੀ ਪੁਲਿਸ ਦੇ ਬੁਲਾਰੇ ਅਫਸਰ ਈਲਿਸ ਵੈਲਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਬੋਲਿੰਗ ਨੂੰ ਬਕਾਇਦਾ ਗ੍ਰਿਫਤਾਰ ਕਰਕੇ ਉਸ ਵਿਰੁੱਧ ਸਰਕਾਰੀ ਜਾਇਦਾਦ ਵਿਚ ਦਖਲਅੰਦਾਜੀ ਕਰਨ ਦੇ ਦੋਸ਼ ਲਾਏ ਗਏ ਹਨ। ਉਸ ਵਿਰੁੱਧ ਸੰਘੀ ਅਦਾਲਤ ਵਿਚ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਹਨ। ਲਾਅ  ਇਨਫੋਰਸਮੈਂਟ ਸੂਤਰਾਂ ਅਨੁਸਾਰ ਸ਼ੱਕੀ ਦੱਖਣੀ ਕੈਰੋਲੀਨਾ ਦਾ ਵਸਨੀਕ ਹੈ ਤੇ ਉਹ ਸਾਬਕਾ ਸੈਨਿਕ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਗ੍ਰਿਫਤਾਰੀ ਸਮੇਂ ਉਸ ਨੇ ਵਿਰੋਧ ਕੀਤਾ ਤੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਪਰੰਤੂ ਆਖਰਕਾਰ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।