#EUROPE

English Channel ਪਾਰ ਕਰਕੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰ ਰਹੇ 5 ਪ੍ਰਵਾਸੀ ਸਮੁੰਦਰ ਕੰਢੇ ਮਿਲੇ ਮ੍ਰਿਤਕ

ਪੈਰਿਸ, 15 ਜਨਵਰੀ (ਪੰਜਾਬ ਮੇਲ)- ਉੱਤਰੀ ਫਰਾਂਸ ਦੇ ਖ਼ਤਰਨਾਕ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰ ਰਹੇ 5 ਪ੍ਰਵਾਸੀ ਐਤਵਾਰ ਨੂੰ ਸਮੁੰਦਰ ਕੰਢੇ ਮ੍ਰਿਤਕ ਪਾਏ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਹਨੇਰੇ ਅਤੇ ਕੜਾਕੇ ਦੀ ਠੰਡ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਬਰਫੀਲੇ ਪਾਣੀ ਵਿਚ ਡੁੱਬਣ ਕਾਰਨ 5 ਪ੍ਰਵਾਸੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ 30 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਇਸ ਹਾਦਸੇ ਨੇ ਫਰਾਂਸ ਤੋਂ ਬ੍ਰਿਟੇਨ ਜਾਣ ਲਈ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੇ ਖ਼ਤਰੇ ਨੂੰ ਫਿਰ ਤੋਂ ਉਜਾਗਰ ਕੀਤਾ।
ਇੰਗਲਿੰਸ਼ ਚੈਨਲ ਅਤੇ ਉੱਤਰੀ ਸਾਗਰ ਦੇ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਮੁਤਾਬਕ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਨੂੰ ਐਤਵਾਰ ਤੜਕੇ ਫਰਾਂਸ ਦੇ ਤੱਟਵਰਤੀ ਪਿੰਡ ਵਿਮੇਰੇਕਸ ਵਿਚ ਸਮੁੰਦਰ ਤੱਟ ‘ਤੇ ਮੁਸ਼ਕਲ ਹਾਲਾਤ ਵਿਚ ਦੇਖਿਆ ਗਿਆ। ਸਮੁੰਦਰੀ ਅਧਿਕਾਰੀਆਂ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਾਣੀ ਵਿਚ ਰੁੜ ਕੇ ਸਮੁੰਦਰ ਦੇ ਕੰਢੇ ਆ ਗਈਆਂ ਸਨ। ਫਰਾਂਸੀਸੀ ਜਲ ਸੈਨਾ ਦਾ ਇਕ ਹੈਲੀਕਾਪਟਰ ਅਤੇ ਕਈ ਬਚਾਅ ਜਹਾਜ਼ ਖੋਜ ਮੁਹਿੰਮ ਵਿਚ ਜੁਟੇ ਹੋਏ ਹਨ।
ਸਮੁੰਦਰੀ ਅਧਿਕਾਰੀਆਂ ਨੇ ਕਿਹਾ ਕਿ ਕਈ ਫਰਾਂਸੀਸੀ ਜਹਾਜ਼ ਉੱਤਰੀ ਤੱਟ ‘ਤੇ ਗਸ਼ਤ ਕਰ ਰਹੇ ਹਨ, ਕਿਉਂਕਿ ਕਈ ਦਿਨਾਂ ਤੱਕ ਮੌਸਮ ਖ਼ਰਾਬ ਰਹਿਣ ਤੋਂ ਬਾਅਦ ਚੈਨਲ ਦੀ ਮੌਸਮ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ ਅਤੇ ਇਸ ਕਾਰਨ ਸਮੁੰਦਰ ਪਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਵਧ ਸਕਦੀਆਂ ਹਨ। ਫਰਾਂਸੀਸੀ ਅਧਿਕਾਰੀਆਂ ਨੇ ਮਰਨ ਵਾਲੇ ਲੋਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਂ ਇਹ ਨਹੀਂ ਦੱਸਿਆ ਕਿ ਉਹ ਕਿੱਥੋਂ ਦੇ ਸਨ। ਸਥਾਨਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।