ਸੈਕਰਾਮੈਂਟੋ, 22 ਨਵੰਬਰ (ਪੰਜਾਬ ਮੇਲ)-ਸਿਟੀ ਆਫ ਐਲਕ ਗਰੋਵ ਦੀ ਡਾਇਵਰਸਿਟੀ ਐਂਡ ਇਨਕਲਿਊਸ਼ਨ ਕਮਿਸ਼ਨ ਦੀ ਇਕ ਅਹਿਮ ਮੀਟਿੰਗ ਸਿਟੀ ਹਾਲ ਵਿਖੇ ਹੋਈ, ਜਿੱਥੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਾਲ 2023 ਦੇ ਲੇਖੇ-ਜੋਖੇ ਦੇ ਨਾਲ-ਨਾਲ ਪਿਛਲੇ ਦਿਨੀਂ ਮਨਾਈ ਗਈ ਦਿਵਾਲੀ ਅਤੇ ਵੈਟਰਨਸ ਡੇਅ ਬਾਰੇ ਵੀ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਆਉਣ ਵਾਲੇ ਸਾਲ 2024 ਲਈ ਵਿਊਂਤਬੰਦੀ ਕੀਤੀ ਗਈ। ਮੀਟਿੰਗ ਵਿਚ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਇਸ ਕਮਿਸ਼ਨ ਰਾਹੀਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਜੋੜ ਕੇ ਰੱਖਣ ਵਿਚ ਕਾਮਯਾਬ ਹੋਏ ਹਾਂ ਅਤੇ ਇਕਮੁੱਠਤਾ ਦਾ ਸੰਦੇਸ਼ ਦਿੰਦੇ ਰਹੇ ਹਾਂ। ਨਵੰਬਰ ਮਹੀਨੇ ਨੂੰ ਸਿਟੀ ਆਫ ਐਲਕ ਗਰੋਵ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਅਤੇ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਅਗਲੇ ਵਰ੍ਹੇ ਵੀ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਜਾਵੇਗੀ, ਤਾਂ ਕਿ ਸਿੱਖਾਂ ਦੀ ਪਛਾਣ ਬਣਾਈ ਜਾ ਸਕੇ ਅਤੇ ਉਨ੍ਹਾਂ ਵੱਲੋਂ ਅਮਰੀਕਾ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਜਾ ਸਕੇ।
ਇਸ ਦੇ ਨਾਲ-ਨਾਲ ਕਮਿਸ਼ਨ ਵੱਲੋਂ ਐਲਕ ਗਰੋਵ ਵਿਚ ਰਹਿੰਦੇ ਵੱਖ-ਵੱਖ ਜਾਤੀ, ਨਸਲਾਂ ਅਤੇ ਵਰਗਾਂ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ।