#INDIA

Election Commission ਵੱਲੋਂ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਦਾ ਐਲਾਨ

-7 ਗੇੜਾਂ ‘ਚ ਹੋਣਗੀਆਂ ਲੋਕ ਸਭਾ ਚੋਣਾਂ
– 19 ਅਪ੍ਰੈਲ ਨੂੰ ਪੈਣਗੀਆਂ ਪਹਿਲੇ ਗੇੜ ਲਈ ਵੋਟਾਂ
– 1 ਜੂਨ ਨੂੰ ਪੰਜਾਬ ‘ਚ ਹੋਵੇਗੀ ਵੋਟਿੰਗ
– 4 ਜੂਨ ਨੂੰ ਆਉਣਗੇ ਨਤੀਜੇ
ਨਵੀਂ ਦਿੱਲੀ, 16 ਮਾਰਚ (ਪੰਜਾਬ ਮੇਲ)- ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਦੇਸ਼ ਦੀਆਂ 543 ਲੋਕ ਸੀਟਾਂ ਸਭਾ ਲਈ ਚੋਣਾਂ ਦਾ ਐਲਾਨ ਕਰ ਦਿੱਤਾ। ਲੋਕ ਸਭਾ ਚੋਣਾਂ 7 ਗੇੜਾਂ ‘ਚ ਹੋਣੀਆਂ ਤੇ 19 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 26 ਅਪ੍ਰੈਲ ਨੂੰ ਦੂਜੇ ਗੇੜ ਲਈ ਵੋਟਾਂ ਪੈਣਗੀਆਂ। 7, 13 ਤੇ 20 ਤੇ 25 ਮਈ ਤੇ ਪਹਿਲੀ ਜੂਨ ਨੂੰ ਕ੍ਰਮਵਾਰ ਤੀਜੇ, ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਲਈ ਵੋਟਾਂ ਪੈਣਗੀਆਂ। ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ‘ਚ ਵੋਟਾਂ ਪੈਣਗੀਆਂ। ਇਸ ਦੇ ਨਾਲ 4 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਵੀ ਐਲਾਨ ਕੀਤਾ। ਸਿੱਕਮ, ਉੜੀਸਾ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕੀਤਾ। ਦੇਸ਼ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ‘ਚ 47.1 ਕਰੋੜ ਮਹਿਲਾ ਵੋਟਰ ਹਨ। 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਹਨ। 55 ਲੱਖ ਈ.ਵੀ.ਐੱਮ. ਦੀ ਹੋਵੇਗੀ ਵਰਤੋਂ। ਚੋਣ ਤਰੀਕਾਂ ਦੇ ਐਲਾਨ ਦੌਰਾਨ ਮੁੱਖ ਚੋਣ ਕਮਿਸ਼ਨਰ ਨੇ ਕਈ ਸ਼ੇਅਰ ਵੀ ਸੁਣਾਏ।
ਪਹਿਲੇ ਗੇੜ ਲਈ 102 ਸੀਟਾਂ, ਦੂਜੇ ਗੇੜ ‘ਚ 89 ਸੀਟਾਂ, ਤੀਜੇ ਗੇੜ ‘ਚ 94 ਸੀਟਾਂ, ਚੌਥੇ ਗੇੜ ‘ਚ 96 ਸੀਟਾਂ, ਪੰਜਵੇਂ ਗੇੜ ‘ਚ 49 ਸੀਟਾਂ, ਛੇਵੇਂ ਗੇੜ ‘ਚ 57 ਸੀਟਾਂ ਤੇ ਸੱਤਵੇਂ ਗੇੜ ‘ਚ 57 ਸੀਟਾਂ ‘ਤੇ ਵੋਟਾਂ ਪੈਣਗੀਆਂ।
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 60 ਤੇ ਸਿੱਕਮ ਦੀਆਂ 32 ਸੀਟਾਂ ਲਈ 19 ਅਪਰੈਲ ਨੂੰ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ‘ਚ 13 ਮਈ ਨੂੰ ਵੋਟਾਂ ਪੈਣਗੀਆਂ। ਉੜੀਸਾ ਵਿਧਾਨ ਸਭਾ ਦੀਆਂ ਚੋਣਾਂ ਚਾਰ ਪੜਾਵਾਂ ਵਿਚ 13, 20 , 25 ਮਈ ਅਤੇ 1 ਜੂਨ ਨੂੰ ਹੋਣਗੀਆਂ। 26 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।