#INDIA

E.D. ਵੱਲੋਂ ‘ਆਪ’ ਨੇਤਾ ਦੀਪਕ ਸਿੰਘਲਾ ਦੇ ਘਰ ਛਾਪੇਮਾਰੀ

ਨਵੀਂ ਦਿੱਲੀ, 27 ਮਾਰਚ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਵਿਚ ਘਪਲੇ ਮਾਮਲੇ ‘ਚ ਆਮ ਆਦਮੀ ਪਾਰਟੀ (ਆਪ) ਦੇ ਇਕ ਹੋਰ ਆਗੂ ਦੇ ਘਰ ਛਾਪਾ ਮਾਰਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੀਪਕ ਸਿੰਗਲਾ ‘ਆਪ’ ਦੇ ਦੂਜੇ ਆਗੂ ਹਨ, ਜਿਨ੍ਹਾਂ ਦੇ ਘਰ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਦੀਪਕ ਸਿੰਗਲਾ ‘ਆਪ’ ਦੇ ਸਾਬਕਾ ਉਮੀਦਵਾਰ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ ਨਗਰ ਤੋਂ ਚੋਣ ਲੜੀ ਸੀ। ਇਸ ਤੋਂ ਇਲਾਵਾ ਉਹ ਗੋਆ ਦੇ ‘ਆਪ’ ਇੰਚਾਰਜ ਅਤੇ ਐੱਮ.ਸੀ.ਡੀ. ਦੇ ਸਹਿ-ਇੰਚਾਰਜ ਵੀ ਹਨ। ਇਸ ਤੋਂ ਪਹਿਲਾਂ ਈ.ਡੀ. ਨੇ 23 ਮਾਰਚ ਨੂੰ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਵੀ ਛਾਪਾ ਮਾਰਿਆ ਸੀ। ਦੀਪਕ ਸਿੰਗਲਾ ਦੇ ਗੋਆ ਨਾਲ ਕੁਨੈਕਸ਼ਨ ਹੋਣ ਦੀ ਵਜ੍ਹਾ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਸ਼ਰਾਬ ਘਪਲੇ ਦੇ ਸਬੰਧ ਵਿਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਨੇ ਸ਼ਰਾਬ ਘਪਲੇ ਤੋਂ ਮਿਲੀ ਰਿਸ਼ਵਤ ਦਾ ਇਸਤੇਮਾਲ ਗੋਆ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਕੀਤਾ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਮਾਂਡ ਮੰਗਦੇ ਹੋਏ ਈ.ਡੀ. ਨੇ ਕੋਰਟ ‘ਚ ਦਾਅਵਾ ਕੀਤਾ ਸੀ ਕਿ 45 ਕਰੋੜ ਰੁਪਏ ਹਵਾਲਾ ਜ਼ਰੀਏ ਗੋਆ ਭੇਜੇ ਗਏ ਸਨ। ਕੇਜਰੀਵਾਲ ਨੂੰ ਸ਼ਰਾਬ ਘਪਲੇ ‘ਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 28 ਮਾਰਚ ਤੱਕ ਈ.ਡੀ. ਦੀ ਹਿਰਾਸਤ ਵਿਚ ਭੇਜਿਆ ਗਿਆ ਹੈ। ਕੇਜਰੀਵਾਲ ਤੋਂ ਈ.ਡੀ. ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਵਿਚ ਕੇਜਰੀਵਾਲ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਅਤੇ ਸੰਚਾਰ ਮੁਖੀ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।