#INDIA

E.D. ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅੱਠਵਾਂ ਸੰਮਨ ਜਾਰੀ

ਨਵੀਂ ਦਿੱਲੀ, 29 ਫਰਵਰੀ (ਪੰਜਾਬ ਮੇਲ)-ਈ.ਡੀ. ਨੇ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਠਵੀਂ ਵਾਰ ਸੰਮਨ ਜਾਰੀ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਇੱਥੇ ਏਜੰਸੀ ਦੇ ਹੈੱਡਕੁਆਰਟਰ ‘ਚ ਚਾਰ ਮਾਰਚ ਨੂੰ ਆਉਣ ਲਈ ਕਿਹਾ ਗਿਆ ਹੈ। ਕੇਜਰੀਵਾਲ ਇਸ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਬੀਤੇ ਦਿਨੀਂ ਈ.ਡੀ. ਸਾਹਮਣੇ ਪੇਸ਼ ਨਹੀਂ ਹੋਏ ਸਨ। ਇਹ ਸੱਤਵੀਂ ਵਾਰ ਸੀ, ਜਦੋਂ ਕੇਜਰੀਵਾਲ ਈ.ਡੀ. ਦੇ ਸੰਮਨ ‘ਤੇ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਸੀ ਕਿ ਜੇਕਰ ਅਦਾਲਤ ਇਸ ਸਬੰਧੀ ਹੁਕਮ ਦੇਵੇਗੀ ਤਾਂ ਉਹ ਈ.ਡੀ. ਸਾਹਮਣੇ ਪੇਸ਼ ਹੋਣਗੇ।