#INDIA

E.D. ਵੱਲੋਂ ਕੇਜਰੀਵਾਲ ਦੇ ਪੀ.ਏ. ਅਤੇ ਹੋਰਨਾਂ ਦੇ ਟਿਕਾਣਿਆਂ ‘ਤੇ ਛਾਪੇ

ਦਿੱਲੀ ਜਲ ਬੋਰਡ ਦੇ ਠੇਕੇਦਾਰ ਤੋਂ 21 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ
ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀ.ਏ. ਬਿਭਵ ਕੁਮਾਰ ਤੇ ਹੋਰਨਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਸੂਤਰਾਂ ਅਨੁਸਾਰ ਇਹ ਛਾਪੇ ਦਿੱਲੀ ਜਲ ਬੋਰਡ ਦੇ ਠੇਕੇਦਾਰ ਤੋਂ 21 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਮਾਰੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ, ਜੋ ਕਥਿਤ ਰਿਸ਼ਵਤ ‘ਤੇ ਕੇਂਦ੍ਰਿਤ ਹੈ। ਇਸ ਸਬੰਧੀ ਦੋਸ਼ ਹੈ ਕਿ ਦਿੱਲੀ ਜਲ ਬੋਰਡ ਦੇ ਟੈਂਡਰ ਪ੍ਰਕਿਰਿਆ ਵਿਚ ਬੇਨਿਯਮੀਆਂ ਤਹਿਤ ਇਕੱਠੀ ਕੀਤੀ ਗਈ ਰਾਸ਼ੀ ਕਥਿਤ ਤੌਰ ‘ਤੇ ਆਮ ਆਦਮੀ ਪਾਰਟੀ ਨੂੰ ਚੋਣ ਫੰਡ ਵਜੋਂ ਭੇਜੀ ਗਈ ਸੀ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਫੈਡਰਲ ਏਜੰਸੀ ਦੇ ਅਧਿਕਾਰੀਆਂ ਨੇ ਸਵੇਰੇ 7 ਵਜੇ ਤੋਂ ਰਾਸ਼ਟਰੀ ਰਾਜਧਾਨੀ ਦੇ ਇੱਕ ਦਰਜਨ ਸਥਾਨਾਂ ਦੀ ਤਲਾਸ਼ੀ ਲਈ। ਛਾਪਿਆਂ ਦੌਰਾਨ ਬਿਭਵ ਕੁਮਾਰ, ਦਿੱਲੀ ਜਲ ਬੋਰਡ ਦੇ ਸਾਬਕਾ ਮੈਂਬਰ ਸ਼ਲਭ ਕੁਮਾਰ, ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਖਜ਼ਾਨਚੀ ਐੱਨ.ਡੀ. ਗੁਪਤਾ ਦੇ ਦਫ਼ਤਰ ਅਤੇ ਦਿੱਲੀ ਵਿਚ ਸੱਤਾਧਾਰੀ ਪਾਰਟੀ ਨਾਲ ਜੁੜੇ ਚਾਰਟਰਡ ਅਕਾਊਂਟੈਂਟ (ਸੀ.ਏ.) ਪੰਕਜ ਮੰਗਲ ਅਤੇ ਹੋਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਈ.ਡੀ. ਦੀ ਇਸ ਕਾਰਵਾਈ ਜ਼ਰੀਏ ਆਮ ਆਦਮੀ ਪਾਰਟੀ ਨੂੰ ‘ਧਮਕਾਉਣ’ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ। ਦਿੱਲੀ ਜਲ ਬੋਰਡ ਦੀ ਟੈਂਡਰਿੰਗ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਸਬੰਧੀ ਈ.ਡੀ. ਨੇ ਪਹਿਲਾਂ 31 ਜਨਵਰੀ ਨੂੰ ਜਲ ਬੋਰਡ ਦੇ ਸੇਵਾਮੁਕਤ ਮੁੱਖ ਇੰਜੀਨੀਅਰ ਜਗਦੀਸ਼ ਕੁਮਾਰ ਅਰੋੜਾ ਅਤੇ ਠੇਕੇਦਾਰ ਅਨਿਲ ਕੁਮਾਰ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਸੀ.ਬੀ.ਆਈ. ਵੱਲੋਂ ਦਰਜ ਐੱਫ.ਆਈ.ਆਰ. ਵਿਚ ਦੋਸ਼ ਲਾਇਆ ਗਿਆ ਕਿ ਅਰੋੜਾ ਨੇ ਤਕਨੀਕੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ 38 ਕਰੋੜ ਦੀ ਲਾਗਤ ਨਾਲ ਐੱਨ.ਜੇ.ਜੀ. ਇਨਫਰਾਸਟ੍ਰਕਚਰ ਨੂੰ ਠੇਕੇ ਦਿੱਤੇ।