#PUNJAB

E.D. ਵੱਲੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਪੁੱਛ-ਪੜਤਾਲ

* ਜਲੰਧਰ ਦਫਤਰ ਵਿਚ 10 ਘੰਟੇ ਕੀਤੇ ਸਵਾਲ-ਜਵਾਬ
ਜਲੰਧਰ, 31 ਜਨਵਰੀ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਸਬੰਧੀ ਚੱਲ ਰਹੀ ਜਾਂਚ ਦੇ ਸਬੰਧ ਵਿਚ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਜਲੰਧਰ ਦਫ਼ਤਰ ਵਿਚ ਪੁੱਛ-ਪੜਤਾਲ ਕੀਤੀ। ਵਿਧਾਇਕ ਇਥੇ ਪਹਿਲੀ ਵਾਰ ਈ.ਡੀ. ਸਾਹਮਣੇ ਪੇਸ਼ ਹੋਏ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸਵੇਰੇ ਗਿਆਰਾਂ ਵਜੇ ਈ.ਡੀ. ਦਫਤਰ ਪੁੱਜੇ ਤੇ ਰਾਤ ਨੌਂ ਵਜੇ ਦੇ ਕਰੀਬ ਪੁੱਛ-ਪੜਤਾਲ ਖਤਮ ਹੋਈ।
ਸ਼ਰਾਬ ਕਾਰੋਬਾਰੀ ਅਕਸ਼ੈ ਛਾਬੜਾ ਖ਼ਿਲਾਫ਼ ਨਾਰਕੋਟਿਕਸ ਕੰਟਰੋਲ ਬਿਊਰੋ ਜਾਂਚ ਕਰ ਰਿਹਾ ਹੈ, ਜਿਸ ਦੇ ਤਾਰ ਮੁਹਾਲੀ ਸਥਿਤ ਰਿਐਲਟੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇ.ਐੱਲ.ਪੀ.ਐੱਲ.) ਨਾਲ ਜੁੜਨ ਤੋਂ ਬਾਅਦ ਕੁਲਵੰਤ ਸਿੰਘ ਈ.ਡੀ. ਦੇ ਰਾਡਾਰ ‘ਤੇ ਆ ਗਏ ਸਨ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਇਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਈ.ਡੀ. ਵੱਲੋਂ 31 ਅਕਤੂਬਰ ਨੂੰ ‘ਆਪ’ ਵਿਧਾਇਕਾਂ ਦੇ ਦਫ਼ਤਰਾਂ ਅਤੇ ਰਿਹਾਇਸ਼ੀ ਸਥਾਨਾਂ ‘ਤੇ ਛਾਪੇ ਮਾਰੇ ਗਏ ਸਨ ਤੇ ਈ.ਡੀ. ਨੂੰ ਕੁਝ ਅਪਰਾਧਿਕ ਦਸਤਾਵੇਜ਼ ਮਿਲੇ ਸਨ। ਈ.ਡੀ. ਨੇ ਉਨ੍ਹਾਂ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਸੀ। ਈ.ਡੀ. ਦੇ ਅਧਿਕਾਰੀ, ਅਕਸ਼ੈ ਛਾਬੜਾ ਦੇ ਕਾਰੋਬਾਰ ਵਿਚ ਪਰਮਜੀਤ ਸਿੰਘ ਸਮੇਤ ਕੰਪਨੀ ਦੇ ਹੋਰ ਡਾਇਰੈਕਟਰਾਂ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ। ਕੁਲਵੰਤ ਸਿੰਘ ਨੂੰ ਅਜੇ ਤੱਕ ਇਸ ਕੇਸ ਵਿਚ ਮੁਲਜ਼ਮ ਨਹੀਂ ਬਣਾਇਆ ਗਿਆ ਹੈ।
ਦੱਸਣਾ ਬਣਦਾ ਹੈ ਕਿ ਇਹ ਛਾਪੇਮਾਰੀ ਲੁਧਿਆਣਾ, ਮੁਹਾਲੀ, ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਅਤੇ ਗੰਗਾਨਗਰ ਸਮੇਤ 25 ਥਾਵਾਂ ‘ਤੇ ਕੀਤੀ ਗਈ ਸੀ। ਏਜੰਸੀ ਨੇ ਉਦੋਂ 4.5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਐੱਨ.ਸੀ.ਬੀ. ਵੱਲੋਂ ਨਸ਼ਾ ਤਸਕਰ ਅਕਸ਼ੈ ਕੁਮਾਰ ਛਾਬੜਾ ਅਤੇ ਉਸ ਦੇ ਸਾਥੀਆਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਕੁਲਵੰਤ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 254.68 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਸੀ ਤੇ ਉਹ ਸੂਬੇ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿਚ ਸ਼ੁਮਾਰ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕ ਦੀ ਰੀਅਲ ਅਸਟੇਟ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ ਕਿਉਂਕਿ ਇਸ ਦੇ ਦੋ ਪ੍ਰਾਜੈਕਟ ਕਥਿਤ ਤੌਰ ‘ਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਦੇ ਹਨ। ਕੁਲਵੰਤ ਸਿੰਘ ਦਸੰਬਰ 2021 ‘ਚ ਮੁਹਾਲੀ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ‘ਆਪ’ ‘ਚ ਸ਼ਾਮਲ ਹੋਏ ਸਨ ਤੇ ਉਹ ਸਾਲ 2015 ਵਿਚ ਕਾਂਗਰਸ ਦੇ ਸਮਰਥਨ ਨਾਲ ਮੁਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਬਣੇ ਸਨ। ਉਹ 2017 ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ, ਜਿਨ੍ਹਾਂ ਨੂੰ ਬਾਅਦ ਵਿਚ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।