ਅੰਮ੍ਰਿਤਸਰ, 12 ਦਸੰਬਰ (ਪੰਜਾਬ ਮੇਲ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸੰਬਰ 2021 ਵਿਚ ਦਰਜ ਹੋਏ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਤਲਬ ਕੀਤਾ ਹੈ। ਏ.ਡੀ.ਜੀ.ਪੀ., ਪਟਿਆਲਾ ਰੇਂਜ-ਕਮ-ਇੰਚਾਰਜ ਐੱਸ.ਆਈ.ਟੀ. ਨੇ ਪੁਲਿਸ ਕਮਿਸ਼ਨਰ ਨੂੰ ਰਣਜੀਤ ਐਵੀਨਿਊ ਪੁਲਿਸ ਨੂੰ ਨਿਰਦੇਸ਼ ਦੇਣ ਲਈ ਕਿਹਾ ਹੈ ਕਿ ਉਹ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਏ.ਡੀ.ਜੀ.ਪੀ. ਪਟਿਆਲਾ ਰੇਂਜ ਦੇ ਸਾਹਮਣੇ ਪੇਸ਼ ਹੋਣ ਲਈ ਸੂਚਿਤ ਕਰਨ। ਮੁਹਾਲੀ ਦੇ ਪੰਜਾਬ ਸਟੇਟ ਕ੍ਰਾਈਮ ਥਾਣੇ ਵਿਚ ਐੱਨ.ਡੀ.ਪੀ.ਐੱਸ. ਦੀ ਧਾਰਾ 25-27ਏ-29 ਤਹਿਤ ਦਰਜ ਕੀਤੇ ਗਏ ਕੇਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਬੋਨੀ ਅਜਨਾਲਾ ਬਜ਼ੁਰਗ ਅਕਾਲੀ ਆਗੂ ਰਤਨ ਸਿੰਘ ਅਜਨਾਲਾ ਦਾ ਪੁੱਤ ਹੈ ਤੇ ਫਰਵਰੀ 2023 ਵਿਚ ਭਾਜਪਾ ਵਿਚ ਸ਼ਾਮਲ ਹੋਇਆ ਸੀ। ਸੋਮਵਾਰ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਿਸ ਨੇ ਐੱਨ.ਡੀ.ਪੀ.ਐੱਸ. ਕੇਸ ਵਿਚ ਤਲਬ ਕੀਤਾ ਸੀ।