#PUNJAB

Drug ਰੈਕਟ ਫਿਰੋਜ਼ਪੁਰ ਦੇ ਡੀ.ਐੱਸ.ਪੀ. ਲਖਬੀਰ ਸਿੰਘ ਵੱਲੋਂ ਤਤਕਾਲੀ D.I.G. ਵਿਰੁੱਧ ਇਕਬਾਲੀਆ ਬਿਆਨ

-ਸੀਨੀਅਰ ਆਈ.ਪੀ.ਐੱਸ. ਇੰਦਰਵੀਰ ਸਿੰਘ ਦੀਆਂ ਵਧੀਆਂ ਮੁਸ਼ਕਲਾਂ
ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਬਹੁ ਚਰਚਿਤ ਡਰੱਗ ਰੈਕਟ ਦੀ ਸਰਗਣਿਆਂ ਤੋਂ ਮੋਟੀ ਰਿਸ਼ਵਤ ਲੈਣ ਦੇ ਮਾਮਲੇ ‘ਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਫਿਰੋਜ਼ਪੁਰ ਦੇ ਡੀ.ਐੱਸ.ਪੀ. ਲਖਬੀਰ ਸਿੰਘ ਵੱਲੋਂ ਆਪਣੇ ਤਤਕਾਲੀ ਡੀ.ਆਈ.ਜੀ. ਵਿਰੁੱਧ ਅਦਾਲਤ ਵਿਚ ਇਕਬਾਲੀਆ ਬਿਆਨ ਬਾਅਦ ਸੀਨੀਅਰ ਆਈ.ਪੀ.ਐੱਸ. ਇੰਦਰਵੀਰ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਕਿਉਂਕਿ ਲਖਬੀਰ ਸਿੰਘ ਡੀ.ਐੱਸ.ਪੀ. ਨੇ ਅਦਾਲਤ ਵਿਚ ਆਪਣਾ ਇਹ ਇਕਵਾਲੀਆ ਬਿਆਨ ਦਿੱਤਾ ਹੈ ਕਿ ਉਸ ਨੇ ਡਰੱਗ ਤਸਕਰਾਂ ਤੋਂ ਰਿਸ਼ਵਤ ਦੀ ਰਕਮ ਲੈ ਕੇ ਆਪਣੇ ਉੱਚ ਅਧਿਕਾਰੀ ਉਸ ਸਮੇਂ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ ਨੂੰ ਦੇ ਦਿੱਤੀ ਸੀ। ਮਿਲੀ ਜਾਣਕਾਰੀ ਅਨੁਸਾਰ, ਲਖਬੀਰ ਸਿੰਘ ਸਰਕਾਰੀ ਗਵਾਹ ਬਣ ਗਿਆ ਹੈ। ਡੀ.ਐੱਸ.ਪੀ. ਲਖਬੀਰ ਸਿੰਘ ਨੇ ਤਰਨਤਾਰਨ ਦੀ ਅਦਾਲਤ ਵਿਚ ਧਾਰਾ 164 ਸੀ.ਆਰ.ਪੀ.ਸੀ. (ਮੈਜਿਸਟਰੇਟ ਦੇ ਸਾਹਮਣੇ ਇਕਬਾਲੀਆ ਬਿਆਨ) ਦੇ ਤਹਿਤ ਮੇਰਾ ਫਾਸਟ ਉਪਰੋਕਤ ਬਿਆਨ ਦਰਜ ਕਰਵਾ ਦਿੱਤਾ ਹੈ, ਜਿਸ ਤੋਂ ਬਾਅਦ ਪੁਲਿਸ ਹਲਕਿਆਂ ਵਿਚ ਭਾਰੀ ਹਲਚਲ ਮੱਚ ਗਈ ਹੈ। ਦੱਸਣਯੋਗ ਕਿ ਜੁਲਾਈ 2022 ਵਿੱਚ ਤਰਨਤਾਰਨ ਜ਼ਿਲ੍ਹੇ ‘ਚ ਦੋ ਵੱਖ-ਵੱਖ ਮੁਕਦਮੇ ਦਰਜ ਹੋਏ ਸਨ, ਜਿਨ੍ਹਾਂ ‘ਚੋਂ ਇੱਕ ਭਿੱਖੀਵਿੰਡ ਥਾਣੇ ‘ਚ ਪੁਲਿਸ ਵੱਲੋਂ ਦਰਜ ਕੀਤੇ ਗਏ ਇੱਕ ਡਰੱਗ ਮਾਮਲੇ ਵਿਚ ਨਾਮ ਨਾ ਲੈਣ ਲਈ ਇੱਕ ਡਰੱਗ ਸਪਲਾਇਰ ਪਿਸੋਰਾ ਸਿੰਘ ਤੋਂ 10 ਲੱਖ ਰੁਪਏ ਲਏ ਗਏ ਸਨ। ਇਸ ਤੋਂ ਬਾਅਦ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਦੇ ਰੀਡਰ ਬਰਜਿੰਦਰ ਸਿੰਘ ਤੇ ਲਖਬੀਰ ਸਿੰਘ ਵਿਰੁੱਧ ਤਰਨਤਾਰਨ ਵਿਚ ਕੇਸ ਦਰਜ ਕੀਤਾ ਗਿਆ ਸੀ। ਜਿਹੜਾ ਕਿ ਇੱਕ ਸਬ-ਇੰਸਪੈਕਟਰ (ਐੱਸ.ਆਈ.) ਨੂੰ ਨਸ਼ਿਆਂ ਦੇ ਕੇਸ ਵਿਚ ਨਾ ਫਸਾਉਣ ਬਦਲੇ ਤੋਂ ਕਥਿਤ ਤੌਰ ‘ਤੇ 23 ਲੱਖ ਰੁਪਏ ਦੀ ਜਬਰੀ ਵਸੂਲੀ ਕਰਨ ਦਾ ਮਾਮਲਾ ਦਰਜ ਹੋਇਆ ਸੀ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੁੱਢਲੀ ਜਾਂਚ ਦੌਰਾਨ 2023 ਵਿਚ ਦੋਵਾਂ ਮਾਮਲਿਆਂ ਵਿਚ ਡੀ.ਆਈ.ਜੀ. ਇੰਦਰਬੀਰ ਸਿੰਘ ਨੂੰ ਮੁਲਜ਼ਮ ਵਜੋਂ ਤਾਂ ਨਾਮਜ਼ਦ ਕਰ ਦਿੱਤਾ ਗਿਆ ਸੀ। ਪਰ ਉਸ ਵਿਰੁੱਧ ਅਧਿਕਾਰੀਆਂ ਦਾ ਰਵਈਆ ਦੋਸਤਾਨਾ ਵਾਲਾ ਹੋਣ ਕਰਕੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਡੀ.ਜੀ.ਪੀ. ਪੰਜਾਬ ਵੱਲੋਂ ਇਹ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ ਸੀ। ਹੁਣ ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਡੁੰਘਾਈ ਨਾਲ ਚੱਲ ਰਹੀ ਹੈ ਤੇ ਅਦਾਲਤ ਵਿਚ ਗ੍ਰਿਫਤਾਰ ਡੀ.ਐੱਸ.ਪੀ. ਲਖਬੀਰ ਸਿੰਘ ਦੇ ਵੀ ਬਿਆਨ ਵਿਜੀਲੈਂਸ ਵੱਲੋਂ ਹੀ ਕਰਵਾਏ ਗਏ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਜਨਵਰੀ 2022 ‘ਚ ਫਿਰੋਜ਼ਪੁਰ ਫੇਰੀ ਦੌਰਾਨ ਇੰਦਰਵੀਰ ਸਿੰਘ ਨੂੰ ਵੀ ਸੁਪਰੀਮ ਕੋਰਟ ਦੇ ਪੈਨਲ ਵਾਲੀ ਜਾਂਚ ਕਮੇਟੀ ਨੇ ਸੁਰੱਖਿਆ ਉਲੰਘਣਾ ਮਾਮਲੇ ‘ਚ ਦੋਸ਼ੀ ਠਹਿਰਾਇਆ ਸੀ। ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਜਾਂਚ ਟੀਮ ਵੱਲੋਂ ਆਪਣੀ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਏ.ਡੀ.ਜੀ.ਪੀ. ਨਗੇਸ਼ਵਰ ਰਾਓ ਦੀਆਂ ਹਦਾਇਤਾਂ ਦੇ ਬਾਵਜੂਦ ਡੀ.ਆਈ.ਜੀ. ਫਿਰੋਜ਼ਪੁਰ ਇੰਦਰਵੀਰ ਸਿੰਘ ਰੂਟ ‘ਤੇ ਮੌਜੂਦ ਰਹਿਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ‘ਚ ਅਸਫਲ ਰਹੇ। ਡੀ.ਆਈ.ਜੀ. ਇੰਦਰਵੀਰ ਸਿੰਘ ਤੇ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਹਰਮਨਦੀਪ ਹੰਸ ਨੂੰ ਕਮੇਟੀ ਵੱਲੋਂ ਜ਼ਿੰਮੇਵਾਰ ਠਹਿਰਾਇਆ ਗਿਆ ਹੈ।